ਬੁੱਲ੍ਹਾ, ਅੱਲਾਹ ਤੇ ਬਟਾਲਾ بلھا، اﷲ تے بٹالا

ਬੁੱਲ੍ਹਾ, ਅੱਲਾਹ ਤੇ ਬਟਾਲਾ
بلھا، اﷲ تے بٹالا

ਬਟਾਲਾ ਸ਼ਹਿਰ ਦੇ ਦਰਬਾਰ ਕਾਦਿਰੀਆ ਫ਼ਾਜ਼ਿਲੀਆ ਦੇ ਸੂਫ਼ੀ ਦਰਵੇਸ਼ ਆਪਣੇ ਜ਼ਮਾਨੇ ਦੇ ਬੜੇ ਕਰਨੀ ਵਾਲੇ ਬਜ਼ੁਰਗ ਸਨ ਜਿਨ੍ਹਾਂ ਦੀ ਇਲਾਕੇ ਵਿੱਚ ਅਤੇ ਸਰਕਾਰੇ-ਦਰਬਾਰੇ ਬੜੀ ਮਾਨਤਾ ਸੀ। ਪ੍ਰਸਿੱਧ ਸੂਫੀ ਫਕੀਰ ਬਾਬਾ ਬੁੱਲ੍ਹੇ ਸ਼ਾਹ ਦਾ ਇਸੇ ਕਾਦਿਰੀਆ ਫ਼ਾਜ਼ਿਲੀਆ ਦਰਬਾਰ ਅਤੇ ਬਟਾਲਾ ਸ਼ਹਿਰ ਨਾਲ ਗੂੜ੍ਹਾ ਸਬੰਧ ਰਿਹਾ ਹੈ।

ਸੂਫ਼ੀਮਤ-ਵਿਚਾਰਧਾਰਾ, ਵਿਕਾਸ ਅਤੇ ਸਿਲਸਿਲੇ ਕਿਤਾਬ ਜੋ ਕਿ ਪ੍ਰੋ. ਗੁਰਚਰਨ ਸਿੰਘ ਤਲਵਾੜਾ ਵੱਲੋਂ ਲਿਖੀ ਗਈ ਹੈ ਵਿੱਚ ਸਾਈਂ ਬੁੱਲ੍ਹੇ ਸ਼ਾਹ ਦੇ ਬਟਾਲਾ ਸ਼ਹਿਰ ਨਾਲ ਤਾਲੁੱਅਕਾਤ ਨੂੰ ਬੜੇ ਸੋਹਣੇ ਵਾਕਿਆ ਰਾਹੀਂ ਬਿਆਨ ਕੀਤਾ ਗਿਆ ਹੈ। ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਇੱਕ ਰਿਵਾਇਤ ਮੁਤਾਬਕ ਹਜ਼ਰਤ ਸਾਈਂ ਬੁੱਲ੍ਹੇ ਸ਼ਾਹ ਜੁਆਨੀ ਦੀ ਅਵਸਥਾ ਵਿੱਚ ਘੁੰਮਦੇ-ਫਿਰਦੇ ਬਟਾਲੇ ਦੇ ਇਲਾਕੇ ਵਿੱਚ ਆਣ ਪਹੁੰਚੇ। ਸਾਈਂ ਬੁੱਲ੍ਹੇ ਸ਼ਾਹ ਪੈਦਾਇਸ਼ੀ ਵਲੀ ਸਨ, ਆਬਿਦ, ਜ਼ਾਹਿਦ ਤੇ ਇਬਾਦਤ ਵਾਲੇ ਸਨ, ਲੇਕਿਨ ਪੀਰ ਵਾਲੇ ਨਹੀਂ ਸਨ।

ਕਹਿੰਦੇ ਹਨ ਕਿ ਸਾਈਂ ਬੁੱਲ੍ਹੇ ਸ਼ਾਹ ਦੇ ਅੰਦਰ ਕੁਝ ਰੂਹਾਨੀ ਜਲਵਾ ਪ੍ਰਗਟ ਹੋ ਚੁੱਕਾ ਸੀ ਅਤੇ ਆਪ ਹਜ਼ਰਤ ਮਨਸੂਰ ਵਾਂਗ ਕਹਿੰਦੇ ਫਿਰਦੇ ਸਨ ਕਿ ‘ਮੈਂ ਅੱਲਾਹ ਹਾਂ’। ਮੁਸਲਮਾਨਾਂ ਦਾ ਸਮਾਂ ਸੀ, ਗੱਲ ਮੁਫ਼ਤੀਆਂ ਤੇ ਕਾਜ਼ੀਆਂ ਤੱਕ ਜਾ ਪਹੁੰਚੀ, ਉਨ੍ਹਾਂ ਬੁੱਲ੍ਹੇ ਸ਼ਾਹ ’ਤੇ ਕੁਫ਼ਰ ਦਾ ਫ਼ਤਵਾ ਲਗਾਉਣ ਦੀ ਤਿਆਰੀ ਕੱਸ ਲਈ। ਇਹ ਸਾਈਂ ਬੁੱਲ੍ਹੇ ਸ਼ਾਹ ਦਾ ਐਸਾ ਗੁਨਾਹ ਸੀ ਕਿ ਉਸ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਸੀ। ਮਾਮਲਾ ਸਰਕਾਰ ਦੇ ਦਰਬਾਰ ਵਿੱਚ ਚਲਾ ਗਿਆ। ਹੁਕਮਰਾਨ ਨੇ ਇਸਦੇ ਗੁਨਾਹ ਦੀ ਤਸਦੀਕ ਲਈ ਹੁਕਮ ਦਿੱਤਾ ਕਿ ਇਸ ਨੂੰ ਦਰਬਾਰ ਕਾਦਿਰੀਆ ਫ਼ਾਜ਼ਿਲੀਆ ਦੇ ਮੁਖੀ ਹਜ਼ਰਤ ਪੀਰ ਫ਼ਾਜ਼ਿਲਦੀਨ ਸ਼ਾਹ ਕੋਲ ਲੈ ਚੱਲੋ।

 

ਬੁੱਲ੍ਹੇ ਸ਼ਾਹ ਨੂੰ ਬਟਾਲਾ ਸਥਿਤ ਦਰਬਾਰ ਕਾਦਿਰੀਆ ਫ਼ਾਜ਼ਿਲੀਆ ਵਿਖੇ ਹਜ਼ਰਤ ਪੀਰ ਫ਼ਾਜ਼ਿਲਦੀਨ ਸ਼ਾਹ ਕੋਲ ਲਿਆਂਦਾ ਗਿਆ। ਹਜ਼ਰਤ ਪੀਰ ਫ਼ਾਜ਼ਿਲਦੀਨ ਸ਼ਾਹ ਨੇ ਜਦੋਂ ਸਾਈਂ ਬੁੱਲ੍ਹੇ ਸ਼ਾਹ ਨੂੰ ਦੇਖਿਆ ਤਾਂ ਉਨ੍ਹਾਂ ਦੀ ਸਾਰੀ ਮਨੋ-ਦਸ਼ਾ ਸਮਝ ਗਏ। ਉਨ੍ਹਾਂ ਦੇਖਿਆ ਕਿ ਇਹ ਤਾਂ ਰੱਬ ਦਾ ਪਿਆਰਾ ਹੈ ਅਤੇ ਉਸਨੂੰ ਪਾਉਣ ਲਈ ਏਧਰ-ਓਧਰ ਭਟਕ ਰਿਹਾ ਹੈ।ਹਜ਼ਰਤ ਪੀਰ ਫ਼ਾਜ਼ਿਲਦੀਨ ਸ਼ਾਹ ਨੇ ਸਾਈਂ ਬੁੱਲ੍ਹੇ ਸ਼ਾਹ ਦਾ ਸ਼ਰ੍ਹਾ ਵਾਲਿਆਂ ਕੋਲੋਂ ਬਚਾਅ ਕਰਦਿਆਂ ਕਿਹਾ ਕਿ ਇਹ ਅਜੇ ਅੱਲਾ ਹੈ ਤੇ ਇਹ ਹੀ ਕਹਿ ਰਿਹਾ ਹੈ ਕਿ ਮੈਂ ਅੱਲਾ ਹਾਂ। ਅੱਲਾ ਦਾ ਮਤਲਬ ਕੱਚਾ ਹੁੰਦਾ ਹੈ, ਇਹ ਆਪਣੇ ਆਪ ਨੂੰ ਅੱਲਾਹ ਨਹੀਂ ਅੱਲਾ (ਕੱਚਾ) ਕਹਿ ਰਿਹਾ ਹੈ। ਇਸ ਤਰਾਂ ਹਜ਼ਰਤ ਪੀਰ ਫ਼ਾਜ਼ਿਲਦੀਨ ਸ਼ਾਹ ਨੇ ਬੜੀ ਸਿਆਣਪ ਨਾਲ ਬੁੱਲ੍ਹੇ ਸ਼ਾਹ ਦਾ ਸ਼ਰ੍ਹਾ ਵਾਲਿਆਂ ਤੋਂ ਬਚਾਅ ਕੀਤਾ।

ਇਸਦੇ ਨਾਲ ਹੀ ਹਜ਼ਰਤ ਪੀਰ ਫ਼ਾਜ਼ਿਲਦੀਨ ਸ਼ਾਹ ਨੇ ਬੁੱਲ੍ਹੇ ਸ਼ਾਹ ਨੂੰ ਨਸੀਹਤ ਕੀਤੀ ਕਿ ਹਜ਼ਰਤ ਅਨਾਇਤ ਸ਼ਾਹ ਕਾਦਰੀ ਪਾਸ ਲਾਹੌਰ ਚਲੇ ਜਾਓ ਅਤੇ ਰੂਹਾਨੀਅਤ ਦੇ ਮਾਰਗ ਵਿੱਚ ਪੱਕੇ ਬਣੋ, ਤੇਰਾ ਹਿੱਸਾ ਉਨ੍ਹਾਂ ਪਾਸ ਹੈ। ਫਿਰ ਸਾਈਂ ਬੁੱਲ੍ਹੇ ਸ਼ਾਹ ਲਾਹੌਰ ਜਾ ਕੇ ਹਜ਼ਰਤ ਅਨਾਇਤ ਸ਼ਾਹ ਕਾਦਰੀ ਦੇ ਮੁਰੀਦ ਹੋਏ ਤੇ ਰੂਹਾਨੀਅਤ ਦੇ ਖੇਤਰ ਵਿੱਚ ਬਾਕਮਾਲ ਮੁਰੱਤਬਾ ਹਾਸਲ ਕੀਤਾ।

ਇਸ ਤਰ੍ਹਾਂ ਬਟਾਲਾ ਦੀ ਧਰਤੀ ਅਤੇ ਦਰਬਾਰ ਕਾਦਿਰੀਆ ਫ਼ਾਜ਼ਿਲੀਆ ਦੇ ਹਜ਼ਰਤ ਪੀਰ ਫ਼ਾਜ਼ਿਲਦੀਨ ਸ਼ਾਹ ਨੇ ਜਿਥੇ ਸਾਈਂ ਬੁੱਲ੍ਹੇ ਸ਼ਾਹ ਦਾ ਕੱਟੜ ਪੰਥੀਆਂ ਤੋਂ ਬਚਾਅ ਕੀਤਾ ਓਥੇ ਉਨ੍ਹਾਂ ਨੂੰ ਮੁਰਸ਼ਦ ਦਾ ਰਸਤਾ ਵੀ ਦਿਖਾਇਆ। ਇਸ ਤਰ੍ਹਾਂ ਬਟਾਲਾ ਸ਼ਹਿਰ ਦਾ ਸਾਈਂ ਬੁੱਲ੍ਹੇ ਸ਼ਾਹ ਨਾਲ ਬੜਾ ਗੂੜ੍ਹਾ ਸਬੰਧ ਰਿਹਾ ਹੈ। ਸਾਈਂ ਬੁੱਲ੍ਹੇ ਸ਼ਾਹ ਦੇ ਮੁਰੀਦਾਂ ਲਈ ਬਟਾਲਾ ਦੀ ਧਰਤੀ ਵੀ ਬੇਹੱਦ ਖਾਸ ਤੇ ਤਵਾਰੀਖੀ ਹੈ।

– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ (ਗੁਰਦਾਸਪੁਰ)
ਪੰਜਾਬ।
98155-77574

بلھا، اﷲ تے بٹالا

بٹالا شہر دے دربار کادریا فازلیا دے صوفی درویش اپنے زمانے دے بڑے کرنی والے بزرگ سن جنہاں دی علاقے وچّ اتے سرکارے-دربارے بڑی مانتا سی۔ پرسدھ صوفی فقیر بابا بلہے شاہ دا اسے کادریا فازلیا دربار اتے بٹالا شہر نال گوڑہا سبندھ رہا ہے۔

صوفی مت-وچاردھارا، وکاس اتے سلسلے کتاب جو کہ پرو. گرچرن سنگھ تلواڑا ولوں لکھی گئی ہے وچّ سائیں بلہے شاہ دے بٹالا شہر نال تالئکات نوں بڑے سوہنے واقعہ راہیں بیان کیتا گیا ہے۔ کتاب وچّ دسیا گیا ہے کہ اک روائت مطابق حضرت سائیں بلہے شاہ جوانی دی اوستھا وچّ گھمدے-پھردیے بٹالے دے علاقے وچّ آن پہنچے۔ سائیں بلہے شاہ پیدائشی ولی سن، عابد، زاہد تے عبادت والے سن، لیکن پیر والے نہیں سن۔

کہندے ہن کہ سائیں بلہے شاہ دے اندر کجھ روحانی جلوا پرگٹ ہو چکا سی اتے آپ حضرت منصور وانگ کہندے پھردے سن کہ ‘میں اﷲ ہاں’۔ مسلماناں دا سماں سی، گلّ مفتیاں تے قاضیاں تکّ جا پہنچی، اوہناں بلہے شاہ ’تے کفر دا فتویٰ لگاؤن دی تیاری کسّ لئی۔ ایہہ سائیں بلہے شاہ دا ایسا گناہ سی کہ اس نوں موت دی سزا وی ہو سکدی سی۔ معاملہ سرکار دے دربار وچّ چلا گیا۔ حکمران نے اسدے گناہ دی تصدیق لئی حکم دتا کہ اس نوں دربار کادریا فازلیا دے مکھی حضرت پیر فازلدین شاہ کول لے چلو۔

بلہے شاہ نوں بٹالا ستھت دربار کادریا فازلیا وکھے حضرت پیر فازلدین شاہ کول لیاندا گیا۔ حضرت پیر فازلدین شاہ نے جدوں سائیں بلہے شاہ نوں دیکھیا تاں اوہناں دی ساری منو-دشا سمجھ گئے۔ اوہناں دیکھیا کہ ایہہ تاں ربّ دا پیارا ہے اتے اسنوں پاؤن لئی ایدھر-اودھر بھٹک رہا ہے۔حضرت پیر فازلدین شاہ نے سائیں بلہے شاہ دا شرع والیاں کولوں بچاء کردیاں کیہا کہ ایہہ اجے اﷲ ہے تے ایہہ ہی کہہ رہا ہے کہ میں اﷲ ہاں۔ اﷲ دا مطلب کچا ہندا ہے، ایہہ اپنے آپ نوں اﷲ نہیں اﷲ (کچا) کہہ رہا ہے۔ اس طرحاں حضرت پیر فازلدین شاہ نے بڑی سیانپ نال بلہے شاہ دا شرع والیاں توں بچاء کیتا۔

اسدے نال ہی حضرت پیر فازلدین شاہ نے بلہے شاہ نوں نصیحت کیتی کہ حضرت عنایت شاہ قادری پاس لاہور چلے جاؤ اتے روحانیت دے مارگ وچّ پکے بنو، تیرا حصہ اوہناں پاس ہے۔ پھر سائیں بلہے شاہ لاہور جا کے حضرت عنایت شاہ قادری دے مرید ہوئے تے روحانیت دے کھیتر وچّ باکمال مرتبہ حاصل کیتا۔

اس طرحاں بٹالا دی دھرتی اتے دربار کادریا فازلیا دے حضرت پیر فازلدین شاہ نے جتھے سائیں بلہے شاہ دا کٹڑ پنتھیاں توں بچاء کیتا اوتھے اوہناں نوں مرشد دا رستہ وی دکھایا۔ اس طرحاں بٹالا شہر دا سائیں بلہے شاہ نال بڑا گوڑہا سبندھ رہا ہے۔ سائیں بلہے شاہ دے مریداں لئی بٹالا دی دھرتی وی بے حدّ خاص تے تواریکھی ہے۔

– اندرجیت سنگھ ہرپرا،
بٹالا (گورداس پور)
پنجاب۔
98155-77574

Leave a Reply

Your email address will not be published. Required fields are marked *