ਨਿੱਤ ਨਵੀਆਂ ਖੋਜਾਂ ਬਦਲ ਰਹੀਆਂ ਤਕਨੀਕਾਂ

ਨਿੱਤ ਨਵੀਆਂ ਖੋਜਾਂ
ਬਦਲ ਰਹੀਆਂ
ਤਕਨੀਕਾਂ
ਮੁੱਕ ਗਿਆ ਬਚਪਨ
ਲੁੱਕ ਰਿਹਾ ਹੈ
ਅਲੜ੍ਹਪੁਣਾ
ਸਮਝਦਾਰੀ ਦੀ ਬੁੱਕਲ ‘ਚ

ਫਿਰ ਵੀ ਬੜਾ ਕੁੱਝ ਹੈ
ਜੋ ਨਹੀਂ ਬਦਲਿਆ
ਜਾਂ ਮਨ ਨਹੀਂ ਚਾਹੁੰਦਾ
ਕਿ ਉਹ ਕਦੇ ਬਦਲੇ
ਤੇ ਰੱਖਦਾ ਹੈ
ਆਪਣੀ ਠੋਕਰ ਚ
ਬਦਲਾਅ ਦੇ ਨਿਯਮ ਨੂੰ

ਮਨ ਅੱਜ ਵੀ
ਭੱਜਦਾ ਹੈ
ਤਿੱਤਲੀਆਂ ਮਗਰ
ਜੋ ਮੇਰੀ ਬਗੀਚੀ ਦੇ
ਸਰੋਂ ਦੇ ਫੁੱਲਾਂ ਤੇ ਬਹਿ ਕੇ
ਉੱਡ ਗਈ
ਅਟਕਦਾ ਹੈ
ਨਿੰਮ ਦੇ ਰੁੱਖ ਤੇ
ਜਿੱਥੇ ਕਲ੍ਹ ਪਤੰਗ
ਉਲਝ ਗਈ
ਭੱਜਦਾ ਹੈ
ਜੁਗਨੂੰਆਂ ਮਗਰ
ਜੋ ਮੇਰੇ ਦੀਵੇ ਦਾ
ਚਾਨਣ ਲੈ ਕੇ ਭੱਜ ਗਏ
ਲਾਜਵਿੰਦਰ

Leave a Reply

Your email address will not be published. Required fields are marked *