ਕਿਸਾਨ ਕੋਲੋਂ ਉਸ ਦਾ ਕੰਮ ਕਰਨ ਬਦਲੇ ਤਹਿਸੀਲ ਦੇ ਹੈੱਡ ਕਲਰਕ ਤੇ ਕਲਰਕ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ
(ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਸਰਕਾਰੀ ਮੁਲਾਜ਼ਮਾਂ ਦਾ ਰਿਸ਼ਵਤ ਨੂੰ ਲੈਕੇ ਤਾਜਾ ਮਾਮਲਾ ਤਹਿਸੀਲ ਖਡੂਰ ਸਾਹਿਬ ਵਿਖੇ ਸਾਹਮਣੇ ਆਇਆ ਹੈ, ਜਿਥੇ ਕਿਸਾਨ ਕੋਲੋਂ ਉਸ ਦਾ ਕੰਮ ਕਰਨ ਬਦਲੇ ਤਹਿਸੀਲ ਦੇ ਹੈੱਡ ਕਲਰਕ ਤੇ ਕਲਰਕ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਦੀ ਕਿਸਾਨ ਵੱਲੋਂ ਵਿਜੀਲੈਂਸ ਬਿਊਰੋ ਤਰਨਤਾਰਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਡੀਐੱਸਪੀ ਹਰਜਿੰਦਰ ਦੀ ਅਗਵਾਈ ‘ਚ ਬੁੱਧਵਾਰ ਸਵੇਰੇ 9 ਵਜੇ ਵਿਜੀਲੈਂਸ ਬਿਊਰੋ ਨੇ ਛਾਪੇਮਾਰੀ ਕਰਦੇ ਹੋਏ ਉਕਤ ਮੁਲਾਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਤਹਿਸੀਲ ਖਡੂਰ ਸਾਹਿਬ ਵਿਖੇ ਤਾਇਨਾਤ ਹੈੱਡ ਕਲਰਕ ਰਾਕੇਸ਼ ਕੁਮਾਰ ਤੇ ਕਲਰਕ ਕਲਵਿੰਦਰ ਕੌਰ ਵੱਲੋਂ ਦਇਆ ਸਿੰਘ ਵਾਸੀ ਸਰਹਾਲੀ ਦੀ ਐਕੁਆਇਅਰ ਜਮੀਨ ਸਬੰਧੀ ਚੈੱਕ ਬਣਾਉਣ ਲਈ ਕਥਿਤ ਤੌਰ ‘ਤੇ 50 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਦਇਆ ਸਿੰਘ ਨੇ ਉਕਤ ਮਾਮਲੇ ਵਿਚ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਦਿਆਂ ਉਕਤ ਮੁਲਾਜ਼ਮਾਂ ਨੂੰ ਰਿਸ਼ਵਤ ਦੇ ਪੈਸੇ ਦੇਣ ਲਈ ਸਵੇਰ ਦਾ ਸਮਾਂ ਦਿੱਤਾ ਗਿਆ। ਇਸ ਤੋਂ ਬਾਅਦ ਦਇਆ ਸਿੰਘ ਨੇ ਕਲਰਕ ਕੁਲਵਿੰਦਰ ਕੌਰ ਦੇ ਘਰ ਪੈਸੇ ਪਹੁੰਚਾ ਦਿੱਤੇ, ਜਿਥੇ ਡੀਐੱਸਪੀ ਵਿਜੀਲੈਂਸ ਹਰਜਿੰਦਰ ਸਿੰਘ ਨੇ ਮੌਕੇ ‘ਤੇ ਛਾਪੇਮਾਰੀ ਕਰਕੇ ਮੁਲਾਜ਼ਮਾਂ ਨੂੰ ਰਿਸ਼ਵਤ ਦੇ ਪੈਸਿਆਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਵਿਜੀਲੈਂਸ ਹਰਜਿੰਦਰ ਸਿੰਘ ਨੇ ਦੱਸਿਆ ਉਕਤ ਮੁਲਾਜ਼ਮਾਂ ਕੋਲੋਂ ਰਿਸ਼ਵਤ ਦੇ ਪੈਸੇ ਬਰਾਮਦ ਹੋ ਗਏ ਹਨ ਤੇ ਦੋਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਐੱਸਡੀਐੱਮ ਖਡੂਰ ਸਾਹਿਬ ਰੋਹਿਤ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਥਿਤ ਤੌਰ ‘ਤੇ ਮਾਮਲੇ ਉੱਪਰ ਪਰਦਾ ਪਾਉਂਦੇ ਹੋਏ ਇਸ ਸਬੰਧੀ ਅਣਜਾਣਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਛਾਪੇਮਾਰੀ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਉਕਤ ਮੁਲਾਜ਼ਮਾਂ ਦਾ ਦਫਤਰੀ ਕੰਮ ਨਾਲ ਸਬੰਧ ਨਹੀਂ ਹੈ।

