` ਧੀਆਂ ਨੂੰ ਬਣਾਓ ਦਗਦਾ ਸੂਰਜ’ਜਿਸ ਦੇਸ਼ ਵਿੱਚ ਧੀਆਂ ਦੀ ਸ਼ਰੇਆਮ ਪੱਤ ਰੁਲਦੀ
ਉਸ ਦੇਸ਼ ਨੂੰ ਕਿਵੇਂ ਮੈਂ ਮਹਾਨ ਆਖਾਂ
ਜਿਹੜੇ ਕਰਦੇ ਨੇ ਸ਼ਰਮਸਾਰ ਇਨਸਾਨੀਅਤ ਨੂੰ
ਉਹਨਾਂ ਨੂੰ ਦਰਿੰਦੇ ਆਖਾਂ ਚਾਹੇ ਮੈਂ ਹੈਵਾਨ ਆਖਾਂ
ਕਿਉਂ ਮੂਕ ਦਰਸ਼ਕ ਬਣਕੇ ਬੈਠੇ ਨੇ ਦੇਸ਼ ਦੇ ਹਾਕਮ
ਕਿਉਂ ਨਹੀਂ ਟੰਗਦੇ ਅਜਿਹੇ ਦਰਿੰਦਿਆਂ ਨੂੰ ਸ਼ਰੇਆਮ ਵਿੱਚ ਬਜ਼ਾਰਾਂ
ਕਿਉਂ ਮਿਲਦਾ ਨਹੀਂ ਇਨਸਾਫ ਧੀ ਕਿਸੇ ਗਰੀਬ ਦੀ ਨੂੰ
ਕਿਉਂ ਗੂੰਗੀਅਾਂ ਬਹਿਰੀਆਂ ਹੋ ਗਈਆਂ ਨੇ ਸਰਕਾਰਾਂ
ਧੀਆਂ ਬੋਝ ਨਹੀਂ ਹੁੰਦੀਆਂ ਕਦੇ ਵੀ ਮਾਪਿਆਂ ਤੇ
ਧੀਆਂ ਵੀ ਪਲਦੀਆਂ ਨੇ ਮਾਪਿਆਂ ਤੋਂ ਲੈ ਕੇ ਢੇਰ ਪਿਆਰਾਂ
ਡਰ ਲਗਦਾ ਏ ਤਾਂ ਸਿਰਫ ਇਹਨਾਂ ਦਰਿੰਦਿਆਂ ਤੋਂ
ਜੋ ਵਾਂਗ ਗਿਰਝਾਂ ਬੈਠੇ ਰਹਿੰਦੇ ਨੇ ਤਾਕ ਵਿੱਚ ਸ਼ਿਕਾਰਾਂ
ਅੱਜ ਮੰਗਿਆਂ ਇਨਸਾਫ ਕਿਤੇ ਵੀ ਮਿਲਣਾ ਨਹੀਂ
ਇਸ ਲਈ ਨਾ ਕੱਢੋ ਹਾੜੇ ਜਾ ਕੇ ਇਹਨਾਂ ਦੇ ਵਿੱਚ ਦਰਬਾਰਾਂ
ਧੀਆਂ ਆਪਣੀਆਂ ਨੂੰ ਫੌਲਾਦੀ ਬਣਾਓ ਤੁਸੀਂ
ਜੋ ਬਜਾ ਦੇਣ ਆਪ ਹੀ ਇਹਨਾਂ ਦੇ ਬਾਰਾਂ ਵਾਂਗ ਸੂਰਮੇ ਸਰਦਾਰਾਂ
`ਪਰਮ` ਧੀਆਂ ਨੂੰ ਕੋਮਲ ਨਹੀਂ ਦਗਦਾ ਹੋਇਆ ਸੂਰਜ ਬਣਾਓ
ਜਿਸਦੀ ਮਿਲਦੀ ਨਾ ਹੋਵੇ ਮਿਸਾਲ ਕਿੱਧਰੇ ਲੱਖਾਂ ਨਾ ਹਜ਼ਾਰਾਂ
ਪਰਮਜੀਤ ਕੌਰ ਭੁਲਾਣਾ।

