15 ਸਿੱਖ ਲਾਈਟ ਇਨਫੈਂਟਰੀ ਦੇ ਹਵਾਲਦਾਰ ਕੁਲਦੀਪ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਜੂ ਦੁਵਾਖਰੀ ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ |

ਗੜ੍ਹਦੀਵਾਲਾ(ਰੰਜਨਦੀਪ ਸੰਧੂ, ਅਮਰੀਕ ਮਠਾਰੁ) :-  ਬੀਤੇ ਦਿਨ ਜੰਮੂ-ਕਸ਼ਮੀਰ ਦੇ ਨੌਗਾਜ ਸੈਕਟਰ ਵਿੱਚ  ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ 15 ਸਿੱਖ ਲਾਈਟ ਇਨਫੈਂਟਰੀ ਦੇ ਹਵਾਲਦਾਰ ਕੁਲਦੀਪ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਜੂ ਦੁਵਾਖਰੀ ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਤੋਂ ਪਹਿਲਾਂ ਕੁਲਦੀਪ ਸਿੰਘ ਦੀ ਮਿ੍ਤਕ ਦੇਹ ਪਿੰਡ ਖੋਖਰ ਦੁਵਾਖਰੀ ਪਹੰਚਣ ਮੋਕੇ  ਮਾਹੌਲ ਗ਼ਮਗੀਨ ਹੋ ਗਿਆ |

ਸ਼ਹੀਦ ਕੁਲਦੀਪ ਸਿੰਘ ਦੀ ਮਾਤਾ ਰਣਜੀਤ ਕੌਰ, ਪਤਨੀ ਰਾਜਵਿੰਦਰ ਕੌਰ ਬੱਚੇ ਤੇ ਸਾਰਾ ਪਿੰਡ ਭੂਬਾ ਮਾਰ ਮਾਰ ਕੇ ਰੋ ਰਿਹਾ ਸੀ | ਇੱਥੇ ਵਰਨਣਯੋਗ ਹੈ ਕਿ ਲਾਸ ਨਾਇਕ ਸ਼ਹੀਦ ਕੁਲਦੀਪ ਸਿੰਘ ਸਵ: ਕੈਪਟਨ ਮੋਹਣ ਸਿੰਘ ਦਾ ਪੁੱਤਰ ਹੈ ਅਤੇ ਉਹ ਫ਼ੌਜ ਵਿੱਚ  2002 ਵਿੱਚ  ਭਰਤੀ ਹੋਇਆ ਸੀ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਹਰਸ਼ਪ੍ਰੀਤ ਸਿੰਘ ਵਲੋਂ ਦਿੱਤੀ ਗਈ |  ਇਸ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਪੁੱਜੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਸੰਗਤ ਸਿੰਘ ਗਿਲਜੀਆਂ ਹਲਕਾ ਵਿਧਾਇਕ ਉੜਮੁੜ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ   ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ,  ਐਸ.ਡੀ.ਐਮ. ਦਸੂਹਾ ਰਣਧੀਰ ਸਿੰਘ ਹੀਰ, ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ, ਐਸ.ਪੀ. ਹੈੱਡ-ਕੁਆਰਟਰ ਰਵਿੰਦਰ ਸਿੰਘ ਸੰਧੂ, ਡੀ.ਐਸ.ਪੀ. ਦਲਜੀਤ ਸਿੰਘ ਖੱਖ, ਦਲਵਿੰਦਰ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ ਹੁਸ਼ਿਆਰਪੁਰ, ਕੈਪਟਨ ਨਰੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ  ਇਲਾਕੇ ਦੇ ਲੋਕਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ, ਜਦਕਿ ਪਠਾਨਕੋਟ ਤੋਂ ਆਈ ਫ਼ੌਜ ਦੀ ਟੁਕੜੀ 3/4 ਗੋਰਖਾ ਰਾਈਫ਼ਲ ਦੇ ਨਾਇਬ ਸੂਬੇਦਾਰ ਪ੍ਰੇਮ ਗਰਗ ਦੀ ਅਗਵਾਈ ਹੇਠ ਆਰਮੀ ਦੇ ਜਵਾਨਾਂ ਵਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ । ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ |ਜ਼ਿਕਰਯੋਗ ਹੈ ਕਿ ਸ਼ਹੀਦ ਦੇ ਪਿਤਾ ਆਨਰੇਰੀ ਕੈਪਟਨ ਮੋਹਨ ਸਿੰਘ ਨੇ ਵੀ ਫ਼ੌਜ ਵਿੱਚੋਂ  ਇਸੇ ਯੂਨਿਟ ਚੋਂ  ਸੇਵਾ ਨਿਭਾਈ ਅਤੇ ਇਸ ਵੇਲੇ ਉਸ ਦੇ ਤਿੰਨ ਭਰਾ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ | ਸ਼ਹੀਦ ਹਵਲਦਾਰ ਕੁਲਦੀਪ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਦਵਾਖਰੀ ਦੇ ਵਾਸੀ ਸਨ ਅਤੇ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੋਂ ਇਲਾਵਾ ਅੱਠ ਸਾਲ ਦਾ ਬੇਟਾ ਅਤੇ 10 ਸਾਲਾਂ ਦੀ ਧੀ ਛੱਡ ਗਏ ਹਨ |ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਸਰਹੱਦ ਪਾਰੋਂ ਗੋਲੀਬਾਰੀ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ 15 ਸਿੱਖ ਲਾਈਟ ਇਨਫੈਂਟਰੀ ਦੇ ਹਵਲਦਾਰ ਕੁਲਦੀਪ ਸਿੰਘ ਦੇ ਪਰਿਵਾਰ ਦੇ ਮੈਂਬਰ ਲਈ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸ-ਗੇ੍ਰਸ਼ੀਆ ਦਾ ਐਲਾਨ ਕੀਤਾ ਹੈ | ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਵਲਦਾਰ ਕੁਲਦੀਪ ਸਿੰਘ ਨੇ ਮੁਲਕ ਲਈ ਦੁਸ਼ਮਣ ਨਾਲ ਲੋਹਾ ਲੈਂਦਿਆਂ ਆਪਣੀ ਜਾਨ ਨਿਛਾਵਰ ਕਰ ਦਿੱਤੀ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪੇ੍ਰਰਨਾ ਸਰੋਤ ਰਹੇਗੀ |

Leave a Reply

Your email address will not be published. Required fields are marked *