(ਅਮਰੀਕ ਮਠਾਰੂ, ਰੰਜਨਦੀਪ ਸੰਧੂ )
ਹਾਥਰਸ ਵਿੱਚ ਦਲਿਤ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਤੇ ਮੌਤ ਮਾਮਲੇ ਵਿੱਚ ਲੋਕਾਂ ਦਾ ਗੁੱਸਾ ਅਜੇ ਠੰਢਾ ਨਹੀਂ ਪਿਆ ਸੀ ਕਿ ਯੂਪੀ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਵੱਲੋਂ ਕੀਤੇ ਕਥਿਤ ਬਲਾਤਕਾਰ ਮਗਰੋਂ 22 ਸਾਲਾ ਮਹਿਲਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁੁਲੀਸ ਨੇ ਹਾਲਾਂਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਮਹਿਲਾ ਦੀ ਮਾਂ ਨੇ ਦੱਸਿਆ ਕਿ ਉਹਦੀ ਧੀ ਨਾਲ ਜਬਰਜਨਾਹ ਕਰਨ ਵਾਲਿਆਂ ਨੇ ਊਹਦੀਆਂ ਲੱਤਾਂ ਤੋੜ ਦਿੱਤੀਆਂ ਤੇ ਪਿੱਠ ’ਤੇ ਵੱਡੀ ਸੱਟ ਮਾਰੀ ਹੈ। ਪੁਲੀਸ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਦਾ ਅਸਲ ਪਤਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਲੱਗੇਗਾ। ਪੀੜਤਾ ਦੀ ਮਾਂ ਨੇ ਕਿਹਾ, ‘ਮੇਰੀ ਧੀ ਮੰਗਲਵਾਰ ਨੂੰ ਕਾਲਜ ਵਿੱਚ ਦਾਖ਼ਲੇ ਲਈ ਗਈ ਸੀ। ਵਾਪਸੀ ’ਤੇ ਤਿੰਨ ਚਾਰ ਵਿਅਕਤੀਆਂ ਨੇ ਊਸ ਨੂੰ ਅਗਵਾ ਕਰ ਲਿਆ। ਉਹ ਊਸ ਨੂੰ ਇਕ ਕਮਰੇ ’ਚ ਲੈ ਗਏ ਤੇ ਟੀਕਾ ਲਾ ਕੇ ਊਸ ਨਾਲ ਜ਼ਬਰਦਸਤੀ ਕੀਤੀ। ਮਗਰੋਂ ਉਨ੍ਹਾਂ ਈ-ਰਿਕਸ਼ਾ ’ਤੇ ਬਿਠਾ ਕੇ ਵਾਪਸ ਭੇਜ ਦਿੱਤਾ। ਉਨ੍ਹਾਂ ਮੇਰੀ ਧੀ ਦੀਆਂ ਲੱਤਾਂ ਤੇ ਲੱਕ ਤੋੜ ਦਿੱਤਾ। ਨਾ ਉਹ ਖੜ੍ਹੀ ਹੋ ਸਕਦੀ ਸੀ ਤੇ ਨਾ ਬੋਲ ਸਕਦੀ ਸੀ।’ ਬਲਰਾਮਪੁਰ ਦੇ ਐੱਸਪੀ ਦੇਵ ਰੰਜਨ ਵਰਮਾ ਨੇ ਕਿਹਾ ਕਿ ਪੀੜਤ ਮਹਿਲਾ ਪ੍ਰਾਈਵੇਟ ਫਰਮ ਵਿੱਚ ਕੰਮ ਕਰਦੀ ਸੀ ਤੇ ਜਦੋਂ ਘਰ ਵਾਪਸ ਆਈ ਤਾਂ ਉਹਦੀ ਹਾਲਤ ਕਾਫੀ ਗੰਭੀਰ ਸੀ। ਊਸ ਨੂੰ ਫੌਰੀ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਊਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਪੁਲੀਸ ਨੇ ਪੀੜਤਾ ਦੇ ਮਾਤਾ-ਪਿਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸ਼ਾਹਿਦ ਤੇ ਸਾਹਿਲ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪੀੜਤਾ ਦਾ ਬੁੱਧਵਾਰ ਨੂੰ ਦੇਰ ਰਾਤ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ।
ਉਧਰ ਜ਼ਿਲ੍ਹਾ ਮੈਜਿਸਟਰੇਟ ਤੇ ਐੱਸਪੀ ਨੇ ਅੱਜ ਸਵੇਰੇ ਪੀੜਤ ਪਰਿਵਾਰ ਦੇ ਘਰ ਜਾ ਕੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਇਸ ਦੌਰਾਨ ਪਰਿਵਾਰ ਦੇ ਮੁਖੀ ਨੂੰ 6,18,450 ਰੁਪਏ ਦੀ ਵਿੱਤੀ ਇਮਦਾਦ ਦੀ ਪ੍ਰਵਾਨਗੀ ਵਾਲਾ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਪੀੜਤਾ ਦੀ ਮਾਂ ਨੇ ਮੁਆਵਜ਼ੇ ਵਜੋਂ 25 ਲੱਖ ਰੁਪਏ ਤੇ ਆਪਣੇ ਪੁੱਤਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਉਸ ਨੇ ਕਿਹਾ, ‘ਮੇਰੀ ਧੀ ਵਕੀਲ ਬਣਨਾ ਚਾਹੁੰਦੀ ਸੀ, ਪਰ ਊਸ ਦੀ ਹੱਤਿਆ ਕਰ ਦਿੱਤੀ ਗਈ। ਦੋਸ਼ੀਆਂ ਦਾ ਵੀ ਇਹੀ ਹਾਲ ਹੋਣਾ ਚਾਹੀਦਾ ਹੈ। ਅਸੀਂ ਨਿਆਂ ਚਾਹੁੰਦੇ ਹਾਂ। ਮੁਆਵਜ਼ੇ ਵਜੋਂ ਮੇਰੇ ਪੁੱਤ ਨੂੰ ਸਰਕਾਰੀ ਨੌਕਰੀ ਤੇ ਸਾਨੂੰ ਘੱਟੋ-ਘੱਟ 25 ਲੱਖ ਰੁਪਏ ਦਿੱਤੇ ਜਾਣ।’ -ਪੀਟੀਆਈ

