ਕਾਫ਼ੀਆਂ ਬਾਬਾ ਬੁੱਲ੍ਹੇ ਸ਼ਾਹ
(Ranjandeep Sandhu, Amrik Matharoo)
1. ਆ ਮਿਲ ਯਾਰ ਸਾਰ ਲੈ ਮੇਰੀ
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।
ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ ।
ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ ।
ਨਦੀਉਂ ਪਾਰ ਮੁਲਕ ਸਜਨ ਦਾ ਲਹਵੋ-ਲਆਬ ਨੇ ਘੇਰੀ ।
ਸਤਿਗੁਰ ਬੇੜੀ ਫੜੀ ਖਲੋਤੀ ਤੈਂ ਕਿਉਂ ਲਾਈ ਆ ਦੇਰੀ ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲ ਗਿਉਂ ਸਿਖਰ ਦੁਪਹਿਰੀ ।
ਬੁੱਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
2. ਆਓ ਫ਼ਕੀਰੋ ਮੇਲੇ ਚਲੀਏ
ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ ।
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ ।
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ ।
ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ ।
ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ ।
ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।
3. ਆਓ ਸਈਓ ਰਲ ਦਿਉ ਨੀ ਵਧਾਈ
ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।
ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
ਹੱਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਮੁੱਕਟ ਗਊਆਂ ਦੇ ਵਿਚ ਰੁੱਲਦਾ, ਜੰਗਲ ਜੂਹਾਂ ਦੇ ਵਿਚ ਰੁੱਲਦਾ ।
ਹੈ ਕੋਈ ਅੱਲ੍ਹਾ ਦੇ ਵੱਲ ਭੁੱਲਦਾ, ਅਸਲ ਹਕੀਕਤ ਖ਼ਬਰ ਨਾ ਕਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।
4. ਆ ਸਜਣ ਗਲ ਲੱਗ ਅਸਾਡੇ
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?
ਸੁੱਤਿਆਂ ਬੈਠਿਆਂ ਕੁੱਝ ਨਾ ਡਿੱਠਾ, ਜਾਗਦਿਆਂ ਸਹੁ ਪਾਇਓ ਈ ।
‘ਕੁਮ-ਬ-ਇਜ਼ਨੀ’ ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ ।
ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ ।
ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ ।
ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਰੁਲਾਇਓ ਈ ।
ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ਼ ਖੂਹ ਪਵਾਇਓ ਈ ।
ਵਾਂਗ ਜ਼ੁਲੈਖਾਂ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ ।
ਰੱਬ-ਇ-ਅਰਾਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ ।
ਲਣ-ਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ ।
ਇਸ਼ਕ ਦਿਵਾਨੇ ਕੀਤਾ ਫਾਨੀ, ਦਿਲ ਯਤੀਮ ਬਨਾਇਓ ਈ ।
ਬੁਲ੍ਹਾ ਸ਼ੌਹ ਘਰ ਵਸਿਆ ਆ ਕੇ, ਸ਼ਾਹ ਇਨਾਇਤ ਪਾਇਓ ਈ ।
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?

