(ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਅਸਲ ਵਿੱਚ ਪੰਜਾਬ ਪੁਲਿਸ ਸ਼ਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ 14 ਅਕਤੂਬਰ 2015 ਨੂੰ ਪਿੰਡ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਹੋਈ ਮੌਤ ਦੀ ਜਾਂਚ ਕਰ ਰਹੀ ਹੈ। ਜਾਂਚ ਟੀਮ ਸਬੰਧਤ ਥਾਣਾ ਬਾਜਾਖਾਨਾ ਦੀ ਪੁਲਿਸ ਕੋਲ ਇਹ ਦਾਅਵਾ ਕੀਤਾ ਹੈ ਕਿ ਮੁਢਲੀ ਜਾਂਚ ਵਿੱਚ ਗਵਾਹਾਂ ਵੱਲੋਂ ਦਿੱਤੇ ਗਏ ਬਿਆਨਾਂ ਅਤੇ ਦਸਤਾਵੇਜ਼ਾਂ ਦੇ ਅਧਾਰ ਉੱਤੇ ਕੀਤੀ ਗਈ ਪੜਤਾਲ ਵਿੱਚ ਇਸ ਗੱਲ ਦਾ ਖੁਲਾਸਾ ਹੁੰਦਾ ਹੈ ਕਿ ਇਹ ਦੋਵੇਂ ਪੁਲਿਸ ਅਧਿਕਾਰੀ ਗੋਲੀ ਕਾਂਡ ਲਈ ਜ਼ਿੰਮੇਵਾਰ ਹਨ।
ਥਾਣਾ ਬਾਜਾਖਾਨਾ ਦੇ ਇੱਕ ਹੈਡ ਕਾਂਸਟੇਬਲ ਦੇ ਦਸਤਖ਼ਤਾਂ ਹੇਠ ਦਰਜ ਕੀਤੀ ਗਈ ਜਨਰਲ ਡਾਇਰੀ ਡਿਟੇਲਸ’ ਵਿੱਚ ਕਿਹਾ ਗਿਆ ਹੈ ਕਿ ਜਾਂਚ ਟੀਮ ਵੱਲੋਂ ਮੁੱਖ ਥਾਣਾ ਅਫ਼ਸਰ ਨੂੰ 21 ਅਕਤੂਬਰ 2015 ਨੂੰ ਭਾਰਤੀ ਦੰਡ ਦਿਯਾ ਧਾਰਾਵਾਂ 302, 307, 218, 201, 166-ਏ, 120-ਬੀ, 34, 194, 195, 109 ਅਤੇ ਅਸਲਾ ਐਕਟ ਦੀ ਧਾਰਾ 25, 27,54,59 ਅਧੀਨ ਦਰਜ ਕੀਤੇ ਗਏ ਕੇਸ ਦੇ ਸੰਦਰਭ ਵਿੱਚ ਇੱਕ ਮੈਸਜ ਰਾਹੀਂ ਲਿਖਿਆ ਗਿਆ ਹੈ ਕਿ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਿਟ ਦੀ ਇਸ ਪੜਤਾਲ ਦੇ ਅਧਾਰ ਤੇ ਇਨਾਂ ਦੋਵਾਂ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਤੇ ਇਸ ਦੀ ਰਿਪੋਰਟ ਐੱਸਆਈਟੀ ਦੀਆਂ ਹਦਾਇਤਾਂ ਮੁਤਾਬਕ ਮੈਜਿਸਟਰੇਟ ਨੂੰ ਭੇਜੀ ਜਾ ਰਹੀ ਹੈ। ਦਰਅਸਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਤੋਂ ਬਾਅਦ ਪੁਲਿਸ ਇਸ ਮਾਮਲੇ ਵਿੱਚ ਮੋਗਾ ਦੇ ਤਤਕਾਲੀ ਐੱਸਐੱਸਪੀ ਚਰਨਜੀਤ ਸ਼ਰਮਾ ਸਮੇਤ ਐੱਸਪੀ ਰੈਂਕ ਦੇ ਦੋ ਪੁਲਿਸ ਅਫ਼ਸਰਾਂ ਸਣੇ ਕੁਝ ਹੋਰ ਪੁਲਿਸ ਵਾਲਿਆਂ ਨੂੰ ਪਹਿਲਾਂ ਹੀ ਇਸ ਮਾਮਲੇ ‘ਚ ਨਾਮਜ਼ਦ ਕਰ ਚੁੱਕੀ ਹੈ।

