ਥਾਣਾ ਮੁਖੀ ਮਟੌਰ ਨੇ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ 20 ਵਿੱਚ ਸਥਿਤ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਨੋਟਿਸ ਚਿਪਕਾਇਆ

ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਐਤਵਾਰ ਨੂੰ ਦੂਜਾ ਨੋਟਿਸ ਜਾਰੀ ਕੀਤਾ ਗਿਆ ਹੈ। ਮਟੌਰ ਥਾਣਾ ਦੇ ਐੱਸਐਚਓ ਦੇ ਦਸਖ਼ਤਾਂ ਹੇਠ ਅੱਜ ਜਾਰੀ ਕੀਤੇ ਨੋਟਿਸ ਵਿੱਚ ਸੈਣੀ ਨੂੰ ਭਲਕੇ 28 ਸਤੰਬਰ ਨੂੰ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਥਾਣਾ ਮੁਖੀ ਨੇ ਖ਼ੁਦ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ 20 ਵਿੱਚ ਸਥਿਤ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਨੋਟਿਸ ਚਿਪਕਾਇਆ ਹੈ। ਇਸ ਤੋਂ ਇਲਾਵਾ ਸੈਣੀ ਦੇ ਵਕੀਲਾਂ ਨੂੰ ਵੀ ਵਸਟਅੱਪ ’ਤੇ ਨੋਟਿਸ ਦੀ ਕਾਪੀ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੀ 21 ਸਤੰਬਰ ਨੂੰ ਸੈਣੀ ਨੂੰ ਅਜਿਹਾ ਨੋਟਿਸ ਭੇਜ ਕੇ 23 ਸਤੰਬਰ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਉਹ ਉਸ ਦਿਨ ਥਾਣੇ ਨਹੀਂ ਪੁੱਜਿਆ ਸਗੋਂ ਪਿਛਲੇ ਦਿਨੀਂ ਅਚਾਨਕ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਕੇ ਖਾਨਾਪੂਰਤੀ ਕਰਨ ਦੀ ਕੋਸ਼ਿਸ਼ ਕੀਤੀ।

Leave a Reply

Your email address will not be published. Required fields are marked *