ਪੰਜਾਬ ਦੀਆਂ ਸੰਮੂਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਅੰਦੋਲਨ ਦੀ ਰਣਨੀਤੀ ਤਹਿਤ ਖੇਤੀ ਆਰਡੀਨੈਂਸਾਂ ਖਿਲਾਫ ਅੱਜ ਨਾਭਾ ਦਾਣਾ ਮੰਡੀ ਵਿੱਚ ਕਿਸਾਨਾ ਨੇ ਨਰਿੰਦਰ ਮੋਦੀ ਦਾ ਸਾੜਿਆ ਪੁਤਲਾ – ਅਗੌਲ
ਨਾਭਾ:-(ਬਲਜਿੰਦਰ ਮਾਨ, ਰੰੰਜਨਦੀਪ ਸੰਧੂ ਅਮਰੀਕ ਮਠਾਰੂ ):- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਆੜਤੀਆਂ ਵਪਾਰੀਆਂ ਮਜਦੂਰਾਂ ਬੇਰੋਜਗਾਰ ਨੌਜਵਾਨਾ ਦਾ ਗੁੱਸਾ ਦਿਨ ਬਾ ਦਿਨ ਪ੍ਰਚੰਡ ਹੁੰਦਾ ਜਾ ਰਿਹਾ ਹੈ ਅਤੇ ਖੇਤੀ ਆਰਡੀਨੈਂਸਾਂ ਨੂੰ ਵਾਪਸ ਕਰਵਾਉਣ ਲਈ ਲੋਕ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਕਮਰਕੱਸੇ ਕਰੀ ਬੈਠੇ ਹਨ। ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਵੀ ਏਕਤਾ ਦਾ ਸਬੂਤ ਦਿੰਦਿਆਂ 25 ਸਤੰਬਰ ਨੂੰ ਪੂਰਾ ਪੰਜਾਬ ਬੰਦ ਕਰਨ ਦਾ ਹੋਕਾ ਦੇ ਦਿੱਤਾ ਹੈ ਉਸੇ ਕੜੀ ਤਹਿਤ ਅੱਜ ਨਾਭਾ ਦੀ ਅਨਾਜ ਮੰਡੀ ਵਿੱਚ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਕਿਸਾਨਾ ਨੇ ਆਪਣਾ ਰੋਸ਼ ਜਾਹਰ ਕੀਤਾ ਹੈ। ਓਹਨਾਂ ਕਿਹਾ ਕਿ ਦੇਸ਼ ਦੇ ਸ਼ਾਸਕ ਕਾਰਪੋਰੇਟ ਘਰਾਣਿਆਂ ਦੇ ਹੱਥਠੋਕੇ ਬਣ ਗਏ ਹਨ ਅਤੇ ਕਿਸਾਨਾ ਦੀ ਫਸਲ ਖਰੀਦ ਤੇ ਭਾਅ ਮਿਥਣ ਦੀ ਪ੍ਰਕਿਰਿਆ ਤੋਂ ਪਾਸਾ ਵੱਟ ਕੇ ਪ੍ਰਾਈਵੇਟ ਨੂੰ ਸੌਂਪਣਾ ਚਾਹੁੰਦੇ ਹਨ ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਨੇਕ ਸਿੰਘ ਖੋਖ ਸੀ: ਮੀ: ਪਰਧਾਨ ਨੇ ਕਿਹਾ ਕਿ ਹੁਣ ਭਾਜਪਾ ਹੀ ਕਿਸਾਨਾ ਦੀ ਦੁਸ਼ਮਣ ਜਮਾਤ ਬਣ ਗਈ ਹੈ ਕਿਉਂਕਿ ਪੰਜਾਬ ਭਾਜਪਾ ਦੇ ਦੋ ਵਿਧਾਇਕ ਨੇ ਪੰਜਾਬ ਅਸੈਂਬਲੀ ਅਤੇ ਦੋ ਮੈਂਬਰ ਪਾਰਲੀਮੈਂਟਾਂ ਨੇਂ ਸੰਸਦ ਵਿੱਚ ਆਰਡੀਨੈਂਸਾਂ ਦੇ ਹੱਕ ਵਿੱਚ ਵੋਟ ਪਾ ਕੇ ਕਿਸਾਨਾ ਦੀ ਨਾਰਾਜ਼ਗੀ ਸਹੇੜ ਲਈ ਹੈ ਜਿਸ ਦਾ ਖਮਿਆਜ਼ਾ ਇਹਨਾਂ ਨੂੰ ਭੁਗਤਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਕਿਸਾਨਾ ਨੇ ਪਿੰਡ ਪਿੰਡ ਨਾਅਰੇ ਲਿਖ ਕੇ ਸਿਆਸੀ ਲੋਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ।
”ਓਹੀ ਪਿੰਡ ਚ ਵੜੂ ! ਜੋ ਕਿਸਾਨਾ ਨਾਲ ਖੜੂ” ਅਤੇ ”ਨਰਿੰਦਰ ਮੋਦੀ ! ਕਿਸਾਨ ਵਿਰੋਧੀ”। ਅੱਜ ਦੇ ਇਸ ਅਰਥੀ ਫੂਕ ਮੁਜ਼ਾਹਰੇ ਦੀ ਅਗਵਾਈ ਬਲਾਕ ਪਰਧਾਨ ਅਵਤਾਰ ਸਿੰਘ ਕੈਦੂਪੁਰ ਨੇ ਕੀਤੀ। ਅੱਜ ਦੇ ਮੁਜਾਹਰੇ ਵਿੱਚ ਰਘਵੀਰ ਸਿੰਘ ਨੰਬਰਦਾਰ ਕਕਰਾਲਾ, ਅਵਤਾਰ ਸਿੰਘ ਪੇਧਨ,ਲਾਭ ਸਿੰਘ ਦਿੱਤੂਪੁਰ, ਜੋਰਾ ਸਿੰਘ ਕਕਰਾਲਾ, ਹਰਦੀਪ ਸਿੰਘ ਘਨੁੰੜਕੀ, ਗੁਰਮੀਤ ਸਿੰਘ ਕੋਟ ਖੁਰਦ ਅਤੇ ਹੋਰ ਸ਼ਾਮਲ ਸਨ।

