ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋ “ ਸਿਰਜਨਾ ਦੇ ਆਰ ਪਾਰ “ ਪ੍ਰੋਗਰਾਮ ਵਿੱਚ ਸਰਹੱਦਾਂ ਤੋਂ ਪਾਰ ਪੰਜਾਬੀ ਭਾਸ਼ਾ ਦੀ ਸਾਂਝ: ਡਾ. ਕਲਿਆਣ ਸਿੰਘ ਕਲਿਆਣ ਜੀ ਨਾਲ )

( ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋ “ ਸਿਰਜਨਾ ਦੇ ਆਰ ਪਾਰ “ ਪ੍ਰੋਗਰਾਮ ਵਿੱਚ ਸਰਹੱਦਾਂ ਤੋਂ ਪਾਰ ਪੰਜਾਬੀ ਭਾਸ਼ਾ ਦੀ ਸਾਂਝ: ਡਾ. ਕਲਿਆਣ ਸਿੰਘ ਕਲਿਆਣ ਜੀ ਨਾਲ )

IPT BUREAU 

ਬਰੈਂਪਟਨ  ( ਰਮਿੰਦਰ ਵਾਲੀਆ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਪ੍ਰੋਗਰਾਮ ਸਿਰਜਨਾ ਦੇ ਆਰ ਪਾਰ 26 ਜਨਵਰੀ ਸੋਮਵਾਰ ਨੂੰ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ , ਪ੍ਰਧਾਨ ਅਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਦੇ ਵਿਸ਼ੇਸ਼ ਯਤਨਾਂ ਨਾਲ ਇਸ ਪ੍ਰੋਗਰਾਮ ਵਿੱਚ ਇਸ ਵਾਰ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਅਸਿਸਟੈਂਟ ਪ੍ਰੋਫੈਸਰ ਡਾ .ਕਲਿਆਣ ਸਿੰਘ ਕਲਿਆਣ ਨਾਲ ਵਿਸ਼ੇਸ਼ ਮੁਲਾਕਾਤ ਪ੍ਰੋਫੈਸਰ ਕੁਲਜੀਤ ਕੌਰ ਵੱਲੋਂ ਕੀਤੀ ਗਈ।ਕਲਿਆਣ ਸਿੰਘ ਕਲਿਆਣ ਪਾਕਿਸਤਾਨ ਦਾ ਪਹਿਲਾ ਸਿੱਖ ਪ੍ਰੋਫੈਸਰ ਹੈ। ਉਹ ਲਾਹੌਰ ਦੀ ਸਰਕਾਰੀ ਕਾਲਜ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹੈ। ਗੁਰਮੁਖੀ ਲਿਪੀ ਬਾਰੇ ਉਸ ਦੀ ਖੋਜ ਸਿਲੇਬਸ ਵਿਚ ਸ਼ਾਮਲ ਹੈ।ਕਲਿਆਣ ਸਿੰਘ ਕਲਿਆਣ ਨੇ ਸਰਲ ਤਰੀਕੇ ਨਾਲ਼ ਗੁਰਮੁਖੀ ਲਿਪੀ ਸਿੱਖਾਉਣ ਤੇ ਪੰਜਾਬੀ ਪੜ੍ਵਾਉਣ ਵਾਸਤੇ ਇੱਕ ਕਿਤਾਬਚਾ ਤਿਆਰ ਕੀਤਾ ਹੈ। ਇਹ ਕਿਤਾਬਚਾ ਪੰਜਾਬੀ ਪੜ੍ਹਾਉਣ ਵਾਲੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਵਰਤਿਆ ਜਾਂਦਾ ਹੈ।

ਪ੍ਰੋਗਰਾਮ ਦੇ ਆਰੰਭ ਵਿੱਚ ਰਮਿੰਦਰ ਰੰਮੀ ਨੇ ਡਾਕਟਰ ਕਲਿਆਣ ਸਿੰਘ ਨੂੰ ਜੀ ਆਇਆ ਕਿਹਾ ਤੇ ਉਹਨਾਂ ਦੇ ਪਿਆਰ ਉੱਤੇ ਨਿੱਘੇ ਸੁਭਾਅ ਦੇ ਬਾਰੇ ਸਾਰਿਆਂ ਨਾਲ ਸਾਂਝ ਪਾਈ ਅਤੇ ਇਹ ਵੀ ਦੱਸਿਆ ਕਿ ਲਹਿੰਦੇ ਚੜ੍ਹਦੇ ਲਈ ਬਹੁਤ ਕੰਮ ਕਰ ਰਹੇ ਹਨ । ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿਰਤੋੜ ਯਤਨ ਕਰ ਰਹੇ ਹਨ। ਉਹਨਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ।ਉਹਨਾਂ ਸਿਰਜਣਾ ਦੇ ਆਰ ਪਾਰ ਦੇ ਲਗਾਤਾਰ ਹੋ ਰਹੇ ਇਸ ਮੁਲਾਕਾਤ ਦੇ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਵੀ ਦਿੱਤੀ। ਉਪਰੰਤ ਸਰਪ੍ਰਸਤ ਸੁਰਜੀਤ ਕੌਰ ਨੇ ਕਲਿਆਣ ਸਿੰਘ ਕਲਿਆਣ ਸਿੰਘ ਜੀ ਦੀ ਜਾਣਕਾਰੀ ਦਿੰਦਿਆਂ ਹੋਇਆਂ ਇਸ ਸ਼ਖਸੀਅਤ ਨੂੰ ਬਹੁਤ ਗਿਆਨਵਾਨ ਤੇ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੁੜੀ ਹੋਈ ਦੱਸਿਆ। ਉਪਰੰਤ ਪ੍ਰੋ . ਕੁਲਜੀਤ ਕੌਰ ਨੇ ਡਾਕਟਰ ਕਲਿਆਣ ਸਿੰਘ ਕਲਿਆਣ ਦੇ ਜੀਵਨ ਸਫਰ ਬਾਰੇ ਉਹਨਾਂ ਨਾਲ ਰੌਚਕ ਢੰਗ ਨਾਲ ਗੱਲਬਾਤ ਕੀਤੀ। ਉਹਨਾਂ ਦੇ ਪਰਿਵਾਰਕ ਪਿਛੋਕੜ ਅਤੇ ਬਚਪਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਡਾ .ਕਲਿਆਣ ਸਿੰਘ ਨੇ ਆਪਣੇ ਪਰਿਵਾਰ ਵਿੱਚ ਸਿੱਖ ਇਤਿਹਾਸ ਪ੍ਰਤੀ ਸ਼ਰਧਾ ਅਤੇ ਆਪਣੀ ਮਾਤਾ ਦੇ ਸੁਭਾਅ ਵਿੱਚ ਨਿਮਰਤਾ ਦੀ ਗੱਲ ਕੀਤੀ ।ਉਹਨਾਂ ਨੇ ਆਪਣੇ ਪਰਿਵਾਰ ਨੂੰ ਆਪਣੇ ਲਈ ਪ੍ਰੇਰਨਾ ਸਰੋਤ ਦੱਸਿਆ ਜਿੱਥੋਂ ਸੇਧ ਲੈ ਕੇ ਉਹ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨਾਲ ਜੁੜੇ। ਡਾ . ਕਲਿਆਣ ਸਿੰਘ ਕਲਿਆਣ ਨੇ ਦਸਿਆ ਕਿ ਮੌਜੂਦਾ ਸਮੇਂ ਵਿਚ ਵੀ ਬਹੁਤ ਸਾਰੇ ਵਿਦਿਆਰਥੀ ਉਨ੍ਹਾਂ ਪਾਸੋਂ ਗੁਰਮੁਖੀ ਪੜ੍ਹ ਰਹੇ ਹਨ। ਇਹ ਸਾਰੇ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਤੇ ਇਨ੍ਹਾਂ ਵਿਦਿਆਰਥੀਆਂ ਵਿਚ ਗੁਰਮੁਖੀ ਪੜ੍ਹਨ ਦਾ ਸ਼ੌਕ ਹੈ। ਡਾ. ਕਲਿਆਣ ਸਿੰਘ ਕਲਿਆਣ ਪਹਿਲੇ ਅਜਿਹੇ ਸਿੱਖ ਵਿਅਕਤੀ ਹਨ ਜਿਨ੍ਹਾਂ ਪਾਕਿਸਤਾਨ ਵਿਚ ਐਮ. ਏ ਤੇ ਪੀ .ਐਚ ਡੀ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਅੱਗੇ ਦਸਿਆ ਕਿ ਉਨ੍ਹਾਂ ਗੁਰੂ ਨਾਨਕ ਬਾਣੀ ਵਿਚ ਇਨਸਾਨੀ ਦੋਸਤੀ ਵਿਸ਼ੇ ਤੇ ਪੀ ਐਚ ਡੀ ਕੀਤੀ ਹੈ।ਉਨ੍ਹਾਂ ਨੇ ਆਪਣੇ ਅਧਿਆਪਨ ਕੈਰੀਅਰ ਦੀ ਸ਼ੁਰੂਆਤ 2007 ਵਿੱਚ ਕੀਤੀ ਅਤੇ ਸਰਕਾਰੀ ਪੀ.ਜੀ. ਇਸਲਾਮੀਆ ਕਾਲਜ, ਗੁਜਰਾਂਵਾਲਾ ਵਿੱਚ ਲੈਕਚਰਾਰ ਰਹਿਣ ਉਪਰੰਤ ਜੀ.ਸੀ.ਯੂ. ਲਾਹੌਰ ਨਾਲ ਜੁੜੇ। 2018 ਤੋਂ ਲਗਾਤਾਰ ਉਹ ਉੱਥੇ ਸੇਵਾ ਨਿਭਾ ਰਹੇ ਹਨ।

ਉਨ੍ਹਾਂ ਨੇ ਗੁਰੂ ਨਾਨਕ ਸੰਸਥਾਵਾਂ, ਨਨਕਾਣਾ ਸਾਹਿਬ ਤੋਂ ਸਿੱਖਿਆ ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ਆਫ਼ ਦ ਪੰਜਾਬ, ਲਾਹੌਰ ਤੋਂ ਐਮ.ਏ. (ਪੰਜਾਬੀ), ਐਮ.ਫ਼ਿਲ. ਅਤੇ ਪੀ.ਐਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਡਾ. ਕਲਿਆਣ ਸਿੰਘ ਕਲਿਆਣ ਪੰਜਾਬੀ (ਸ਼ਾਹਮੁਖੀ ਅਤੇ ਗੁਰਮੁਖੀ), ਉਰਦੂ, ਪਸ਼ਤੋ ਅਤੇ ਹਿੰਦੀ ਭਾਸ਼ਾਵਾਂ ’ਤੇ ਉੱਤਮ ਜਾਣਕਾਰੀ ਰੱਖਦੇ ਹਨ।ਉਹ ਇੱਕ ਪ੍ਰਸਿੱਧ ਵਿਦਵਾਨ, ਲੇਖਕ ਅਤੇ ਅਨੁਵਾਦਕ ਹਨ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ “ਗੁਰਮੁਖੀ ਉਸਤਾਦ”, “ਲਾਈਫ ਆਫ਼ ਸ੍ਰੀ ਗੁਰੂ ਨਾਨਕ ਸਾਹਿਬ ਜੀ”, “ਨਾਨਕ ਹੋਸੀ ਭੀ ਸਚੁ”, “ਮਿਰਜ਼ਾ ਸਾਹਿਬਾਂ” ਅਤੇ “ਗੁਰੂ ਨਾਨਕ: ਜੀਵਨ ਤੇ ਫ਼ਿਲਾਸਫ਼ੀ” ਸ਼ਾਮਲ ਹਨ। ਉਨ੍ਹਾਂ ਨੇ ਕਈ ਸਾਹਿਤਕ ਰਚਨਾਵਾਂ ਦੇ ਅਨੁਵਾਦ ਅਤੇ ਲਿਪਿਆਂਤਰਨ ਵੀ ਕੀਤੇ ਹਨ ਅਤੇ ਉਨ੍ਹਾਂ ਦੇ ਖੋਜ ਲੇਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਜਰਨਲਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਸਿੱਖ ਇਤਿਹਾਸ, ਗੁਰੂ ਨਾਨਕ ਦਰਸ਼ਨ ਅਤੇ ਪੰਜਾਬੀ ਸਾਹਿਤ ਉਨ੍ਹਾਂ ਦੇ ਮੁੱਖ ਅਧਿਐਨ ਖੇਤਰ ਹਨ। ਉਨ੍ਹਾਂ ਨੇ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਬਾਰੇ ਵੀ ਦੱਸਿਆ ਤੇ ਵਰਤਮਾਨ ਮੁਕਾਮ ਤੱਕ ਪਹੁੰਚਣ ਵੇਲੇ ਉਹਨਾਂ ਨੂੰ ਜਿਹੜੀ ਸੰਘਰਸ਼ ਅਤੇ ਮਸ਼ੱਕਤ ਕਰਨੀ ਪਈ ਉਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ । ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਸਦਾ ਉਹਨਾਂ ਨੇ ਆਪਣੀ ਭੈਣ ਸਤਵੰਤ ਕੌਰ ਨੂੰ ਉੱਚ ਸਿੱਖਿਆ ਦੇ ਖੇਤਰ ਵਿੱਚ ਮਾਰਗਦਰਸ਼ਨ ਕੀਤਾ। ਉਹਨਾਂ ਨੇ ਆਪਣੇ ਭਵਿੱਖ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਾਕਿਸਤਾਨ ਵਿੱਚ ਕੀਤੇ ਜਾਣ ਵਾਲੇ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣ ਦੀ ਗੱਲ ਵੀ ਆਖੀ। ਉਹਨਾਂ ਨੂੰ ਭਾਰਤ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਯਤਨਾਂ ਲਈ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

Adv.

Simarindustriesbtl@gmail.com

ਉਹਨਾਂ ਨਾਲ ਇਸ ਗੱਲਬਾਤ ਦੌਰਾਨ ਪ੍ਰੋਗਰਾਮ ਵਿੱਚ ਸ਼ਾਮਿਲ ਬਹੁਤ ਸਾਰੇ ਵਿਦਵਾਨਾਂ ਨੇ ਵਿਚਾਰ ਸਾਂਝੇ ਕੀਤੇ । ਹਰਕੀਰਤ ਕੌਰ ਚਹਿਲ ਨੇ ਕਲਿਆਣ ਸਿੰਘ ਕਲਿਆਣ ਜੀ ਨੂੰ ਅਜਿਹੀ ਸ਼ਖਸੀਅਤ ਦੱਸਿਆ ਜਿਹੜੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬ ,ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਹਨ ਤੇ ਸਿੱਖ ਇਤਿਹਾਸ ਤੇ ਗੁਰਬਾਣੀ ਪ੍ਰਤੀ ਸ਼ਰਧਾ ਭਾਵ ਰੱਖਦੇ ਹੋਏ ਆਪਣੀ ਅਗਲੀ ਪੀੜੀ ਨੂੰ ਵੀ ਇਸ ਵਿਰਾਸਤ ਨਾਲ ਜੋੜ ਰਹੇ ਹਨ ।ਉਹਨਾਂ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਉਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਅਤੇ ਕਲਿਆਣ ਸਿੰਘ ਕਲਿਆਣ ਜੀ ਨੂੰ ਇੱਕ ਉੱਘੇ ਖੋਜੀ ਅਤੇ ਵਿਦਵਾਨ ਦੱਸਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਦੱਸਿਆ। ਮਲੂਕ ਸਿੰਘ ਕਾਹਲੋਂ ਅਤੇ ਡਾ . ਸੁਖਦੇਵ ਸਿੰਘ ਝੰਡ ਜੀ ਨੇ ਵੀ ਡਾ . ਕਲਿਆਣ ਸਿੰਘ ਕਲਿਆਣ ਜੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਕੁਝ ਸਵਾਲ ਵੀ ਪੁੱਛੇ ਜਿਹਨਾਂ ਦੇ ਜਵਾਬ ਡਾ . ਕਲਿਆਣ ਜੀ ਨੇ ਬਹੁਤ ਸਹਿਜਤਾ ਨਾਲ ਦਿੱਤੇ ।

Adv.

ਪ੍ਰੋਗਰਾਮ ਦੇ ਅੰਤ ਵਿੱਚ ਹਮੇਸ਼ਾਂ ਦੀ ਤਰਾਂ ਸਭਾ ਦੇ ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਜੀ ਆਪਣੇ ਵਿਲੱਖਣ ਅੰਦਾਜ਼ ਤੇ ਮਿੱਠੀ ਅਵਾਜ਼ ਵਿੱਚ ਪ੍ਰੋਗਰਾਮ ਨੂੰ ਸੱਮਅੱਪ ਕਰਦੇ ਹਨ । ਉਹਨਾਂ ਨੇ ਪ੍ਰੋਗਰਾਮ ਨੂੰ ਸਮੇਟਦਿਆਂ ਹੋਇਆ ਕਲਿਆਣ ਸਿੰਘ ਕਲਿਆਣ ਜੀ ਦੀ ਇਸ ਗੱਲਬਾਤ ਨੂੰ ਬਹੁਤ ਹੀ ਭਾਵਪੂਰਤ ਅਤੇ ਜਾਣਕਾਰੀ ਭਰਪੂਰ ਦੱਸਿਆ ।ਉਹਨਾਂ ਦੁਆਰਾ ਕੀਤੇ ਗਏ ਕਾਰਜ ਪੰਜਾਬੀ ਭਾਸ਼ਾ ਨੂੰ ਹੱਦਾਂ ਸਰਹੱਦਾਂ ਤੋਂ ਪਾਰ ਮਾਣ ਦਵਾਉਣ ਵਾਲੇ ਹਨ । ਉਹਨਾਂ ਨੇ ਕਲਿਆਣ ਸਿੰਘ ਕਲਿਆਣ ਜੀ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਕਰਦਿਆਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਆਪਣੇ ਖੇਤਰ ਵਿੱਚ ਤਰੱਕੀ ਕਰਦੇ ਰਹਿਣਗੇ। ਇਸ ਮੌਕੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦਾ ਜਨਵਰੀ ਮਹੀਨੇ ਦਾ ਈ ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਤੇ ਨਿੱਠ ਕੇ ਪ੍ਰੋਗਰਾਮ ਨੂੰ ਸੁਣਿਆ ।

ਅੰਤ ਵਿੱਚ ਰਮਿੰਦਰ ਰੰਮੀ ਨੇ ਆਏ ਹੋਏ ਸਾਰੇ ਦਰਸ਼ਕਾਂ ਦਾ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਵੀ ਕੀਤਾ

ਰਮਿੰਦਰ ਰੰਮੀ ਨੇ ਕਿਹਾ ਕਿ :- “ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।

ਰਮਿੰਦਰ ਰੰਮੀ ਫ਼ਾਊਂਡਰ ਪ੍ਰਧਾਨ ਤੇ ਪ੍ਰਬੰਧਕ ,
 ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Leave a Reply

Your email address will not be published. Required fields are marked *