ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਕਾਰੋਬਾਰ ਤੇ ਪਦਾਰਥਵਾਦ ਦੇ ਯੁੱਗ ਵਿੱਚ ਕੋਈ ਕਿਸੇ ਦਾ ਹਿਮਾਇਤੀ ਨਹੀਂ ਹੁੰਦਾ। ਹੁੰਦਾ ਹੈ ਤਾਂ ਬਸ ਸੁਆਰਥ ਜਾਂ ਫਿਰ ਸਿਆਸਤ ਹੁੰਦੀ ਹੈ। ਕਿਸਾਨਾਂ ਦਾ ਵੀ ਕੋਈ ਅਸਲ ਵਿਚ ਹਮਦਰਦ ਨਹੀਂ ਹੈ, ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨਹੀਂ। ਬਿੱਲ ਰਾਜ ਸਭਾ ਵਿੱਚ ਪਾਸ ਹੋ ਜਾਣ ਤੋਂ ਕੋਈ ਨਹੀਂ ਰੋਕ ਸੱਕਦਾ। ਕਿਸਾਨ ਜਥੇਬੰਦੀਆਂ ਦੀਆਂ ਤਾਂ ਉਸ ਸਮੇਂ ਹੀ ਬੁਨਿਆਦਾਂ ਹਿੱਲ ਗਈਆਂ ਸਨ ਜਦੋਂ ਕਦੇ ਇਨ੍ਹਾਂ ਦੇ ਵੱਡੇ ਆਗੂਆਂ ਨੇ ਰਾਜ ਸਭਾ ਦੀ ਮੈਂਬਰੀਆਂ ਤੇ ਜਾਂ ਫਿਰ ਮੰਡੀ ਬੋਰਡ ਦੀਆਂ ਚੇਅਰਮੈਨੀਆਂ ਕਬੂਲ ਕਰ ਲਈਆਂ ਸਨ। ਅੱਜ ਵੀ ਜੋ ਵਿਰੋਧ ਕਰਨ ਦਾ ਨਾਟਕ ਹੋ ਰਿਹਾ ਹੈ ਉਹ ਸਿਵਾਏ ਸਿਆਸਤ ਦੇ ਹੋਰ ਕੁੱਝ ਨਹੀਂ। ਇਸ ਵਿਰੋਧ ਦਾ ਕਿਸਾਨ ਨੂੰ ਕੋਈ ਲਾਭ ਹੋਏ ਜਾਂ ਨਾ ਪਰ ਪੰਜਾਬ ਕਾਂਗਰਸ ਇਸ ਵਿਰੋਧ ਦਾ ਸਿਆਸੀ ਲਾਹਾ ਲੈਣ ਵਿੱਚ ਵੱਡੀ ਕਾਮਯਾਬੀ ਵੱਲ ਵੱਧ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਮਾਮ ਨਾਕਾਮੀਆਂ ਦੇ ਬਾਵਜੂਦ ਇਸ ਕਿਸਾਨ ਅੰਦੋਲਨ ਕਾਰਨ ਫਾਇਦੇ ਦੀ ਸਥਿਤੀ ਵਿੱਚ ਆ ਗਏ ਹਨ। ਇਸ ਅੰਦੋਲਨ ਨੇ ਅਕਾਲੀ ਦੱਲ ਨੂੰ ਆਪਣੀ ਦਿਸ਼ਾ ਬਦਲਣ ਲਈ ਮਜਬੂਰ ਕਰ ਦਿੱਤਾ, ਜਿਸ ਕਾਰਨ ਉਸ ਦੀ ਦਸ਼ਾ ਵਿੱਚ ਵੀ ਸੁਧਾਰ ਹੋਇਆ ਹੈ। ਆਮ ਆਦਮੀ ਪਾਰਟੀ ਵੀ ਇਸ ਅੰਦੋਲਨ ਦਾ ਫਾਇਦਾ ਲੈਣ ਦੇ ਯਤਨ ਵਿੱਚ ਹੈ ਪਰ ਲੀਡਰਸ਼ਿਪ ਦੀ ਅਣਹੋਂਦ ਕਾਰਨ ਪੂਰਾ ਲਾਭ ਲੈਣ ਵਿੱਚ ਅਸਫਲ ਨਜ਼ਰ ਆ ਰਹੀ ਹੈ। ਲੋਕ ਸਭਾ ਵਿੱਚ ਪੰਜਾਬ ਦੀਆਂ 13 ਤੇ ਹਰਿਆਣਾ ਦੀਆਂ ਸਿਰਫ 10 ਸੀਟਾਂ ਕੇਂਦਰ ਸਰਕਾਰ ਲਈ ਕੋਈ ਖਾਸ ਅਹਿਮੀਅਤ ਸ਼ਾਇਦ ਨਹੀਂ ਰੱਖਦੀਆਂ, ਇਸ ਲਈ ਕੇਂਦਰ ਸਰਕਾਰ ਆਪਣੇ ਫੈਸਲੇ ਵਿੱਚ ਬਹੁਤਾ ਫੇਰ ਬਦਲ ਕਰਨ ਵਾਲੀ ਨਹੀਂ ਹੈ। ਕੁੱਲ ਮਿਲਾ ਕੇ ਪੰਜਾਬ ਤੇ ਹਰਿਆਣਾ ਵਿੱਚ ਸਿਵਾਏ ਸਿਆਸੀ ਸਮੀਕਰਣ ਬਦਲਣ ਦੇ ਹੋਰ ਕੁੱਝ ਨਹੀਂ ਹੋਏਗਾ l
ਜਸਵੰਤ ਜੱਸ !!

