19 ਵਾਂ ਪਰਮਦੀਪ ਸਿੰਘ ਦੀਪ ਕਾਰਜਸ਼ਾਲਾ, ਕਵੀ ਦਰਬਾਰ ਤੇ ਸਨਮਾਨ ਸਮਾਰੋਹ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ

IPT BUREAU

*19 ਵਾਂ ਪਰਮਦੀਪ ਸਿੰਘ ਦੀਪ ਕਾਰਜਸ਼ਾਲਾ, ਕਵੀ ਦਰਬਾਰ ਤੇ ਸਨਮਾਨ ਸਮਾਰੋਹ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ*

*ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਨੇ ਕਾਰਜਸ਼ਾਲਾ ਵਿੱਚ ਸ਼ਾਮਲ ਕਵੀ ਸਾਹਿਬਾਨ ਨੂੰ ਦਿਤੀਆਂ ਅਸੀਸਾਂ*

ਖਡੂਰ ਸਾਹਿਬ (IPT BUREAU)ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਲੁਧਿਆਣਾ ਵੱਲੋਂ 19ਵਾਂ ਸਾਲਾਨਾ ਸਮਾਗਮ, ਯੁਵਕ ਕਵੀ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ।
ਇਹ ਸਮਾਗਮ 10 ਤੋਂ 12 ਅਕਤੂਬਰ 2025 ਤੱਕ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਵਿਖੇ ਕੀਤਾ ਗਿਆ ਜਿਸਦਾ ਉਦਘਾਟਨ ਪਦਮਸ੍ਰੀ ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਕੀਤਾ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵਜੋਂ ਭਾਈ ਵਰਿਆਮ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿੂਟ ਆਫ਼ ਰਿਲੀਜੀਅਸ ਸਟੱਡੀਜ ਖਡੂਰ ਸਾਹਿਬ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸੱਕਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਡਾ. ਗੁਰਚਰਨ ਕੌਰ ਕੋਚਰ ਨੈਸ਼ਨਲ ਅਤੇ ਸਟੇਟ ਅਵਾਰਡੀ ਅਤੇ ਪ੍ਰਸਿੱੱਧ ਗਜ਼ਲਗੋ, ਸਰਦਾਰ ਦਰਸ਼ਨ ਸਿੰਘ ਭੰਮੇ ਜਨਰਲ ਸਕੱਤਰ ਕਵੀਸ਼ਰੀ ਵਿਕਾਸ ਮੰਚ, ਡਾ. ਬਲਵੰਤ ਸਿੰਘ ਸੰਧੂ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਡਾ. ਸਿਮਰਪ੍ਰੀਤ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਖਡੂਰ ਸਾਹਿਬ, ,ਸੁੰਦਰ ਪਾਲ ਕੌਰ ਰਾਜਾਸਾਂਸੀ ਕੈਨੇਡਾ, ਸਰਦਾਰ ਹਰਭਜਨ ਸਿੰਘ ਭਗਰੱਥ, ਪ੍ਰਧਾਨ ਪੰਜਾਬੀ ਸਾਹਿਤਕ ਸਿਤਾਰੇ ਮੰਚ, ਸਰਦਾਰ ਪਰਮਜੀਤ ਸਿੰਘ ਮੈਨੇਜਰ,ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ,ਗਿਆਨੀ ਧਰਮ ਸਿੰਘ ਨਿਹੰਗ ਸਿੰਘ ਗੁਰਦੁਆਰਾ ਮੱਲ ਅਖਾੜਾ ਸਾਹਿਬ ਆਦਿ ਸ਼ਾਮਲ ਹੁੰਦੇ ਰਹੇ।

*ਸਮਾਗਮ ਦਾ ਆਰੰਭਕ ਸੈਸ਼ਨ*

ਸੁਸਾਇਟੀ ਦੇ ਚੇਅਰਮੈਨ ਡਾ. ਹਰੀ ਸਿੰਘ ਜਾਚਕ ਨੇ ਭਾਈ ਗੁਰਦਾਸ ਦੀ ਵਾਰ ਦਾ ਸ਼ਬਦ ‘ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ’ ਪੜ੍ਹ ਕੇ ਕੀਤਾ। ਉਨ੍ਹਾਂ ਇਸ ਕਾਰਜਸ਼ਾਲਾ ਦਾ ਮਨੋਰਥ ਦੱਸਦਿਆਂ ਹੋਇਆਂ ਦੇਸ਼ ਵਿਦੇਸ਼ ਤੋਂ ਪਹੁੰਚੇ ਹੋਏ ਕਵੀ ਸਾਹਿਬਾਨ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ। ਉਪਰੰਤ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਖਡੂਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਪ੍ਰਿੰਸੀਪਲ ਭਾਈ ਵਰਿਆਮ ਸਿੰਘ ਹੁਰਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਨੇ ਗੁਰੂ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਕੀਤੀ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਨੁਕਤਿਆਂ ਦੀ ਸਾਂਝ ਪਾਉਂਦੇ ਹੋਏ ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਖਤਮ ਕੀਤੇ ਜਾਣ ਲਈ ਹੋ ਰਹੀਆਂ ਨਾਕਾਮ ਕੋਸ਼ਿਸ਼ਾਂ ਨੂੰ ਠੱਲ੍ਹ ਪਾਉਣ ਦੀ ਗੱਲ ਕਹੀ ਅਤੇ ਗੁਰਮੁਖੀ ਲਿੱਪੀ ਨੂੰ ਗੁਰੂ ਸਾਹਿਬ ਦੀ ਵੱਡੀ ਦੇਣ ਆਖਿਆ। ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਨੇ ਕਾਰਜਸ਼ਾਲਾ ਵਿੱਚ ਭਾਗ ਲੈਣ ਪਹੁੰਚੇ ਸਮੂਹ ਪਤਵੰਤੇ ਸੱਜਣਾਂ, ਕਵੀ ਸਾਹਿਬਾਨਾਂ ਅਤੇ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਨੂੰ ਅਸੀਸਾਂ ਭਰੇ ਸ਼ਬਦ ਆਖਦੇ ਹੋਏ ਖੂਬ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਵੀ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਿੱਖ ਧਰਮ ਵਿੱਚ ਕਵੀਆਂ ਦਾ ਅਹਿਮ ਸਥਾਨ ਹੈ ਅਤੇ ਨਾਲ ਹੀ ਉਭਰਦੇ ਕਵੀਆਂ ਨੂੰ ਉਸਾਰੂ ਸਾਹਿਤ ਸਿਰਜ ਕੇ ਸਮਾਜ ਨੂੰ ਚੰਗੀ ਸੇਧ ਦੇਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਅਤੇ ਪਰਮਦੀਪ ਸਿੰਘ ਦੀਪ ਸੁਸਾਇਟੀ ਵੱਲੋਂ ਡਾ. ਗੁਲਜਾਰ ਸਿੰਘ ਪੰਧੇਰ, ਡਾ. ਗੁਰਚਰਨ ਕੌਰ ਕੋਚਰ ਅਤੇ ਪ੍ਰਿੰਸੀਪਲ ਸਿਮਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।

Adv.

*ਸਮਾਗਮ ਦਾ ਦੂਸਰਾ ਤੇ ਤੀਸਰਾ ਸ਼ੈਸ਼ਨ*

ਕਾਰਜਸ਼ਾਲਾ ਦੇ ਦੂਸਰੇ ਸੈਸ਼ਨ ਵਿੱਚ ਨੈਸ਼ਨਲ ਅਤੇ ਸਟੇਟ ਅਵਾਰਡੀ ਡਾ. ਗੁਰਚਰਨ ਕੌਰ ਕੋਚਰ ਨੇ ਗਜ਼ਲ ਕਿਵੇਂ ਲਿਖੀਏ ਅਤੇ ਚੰਗੀ ਗਜ਼ਲ ਲਿਖਣ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਾਰਜਸ਼ਾਲਾ ਵਿੱਚ ਕਵੀਆਂ ਨੂੰ ਗਜ਼ਲਾਂ ਦੀਆਂ ਸਤਰਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਤੇ ਗੁਰਜੀਤ ਕੌਰ ਅਜਨਾਲਾ, ਬੇਅੰਤ ਕੌਰ ਗਿੱਲ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਡਾ. ਸੁਰਜੀਤ ਕੌਰ ਭੋਗਪੁਰ ਅਤੇ ਹੋਰਾਂ ਨੇ ਕਵਿਤਾ, ਗੀਤ ਅਤੇ ਗਜ਼ਲ ਬਾਰੇ ਡਾ. ਗੁਰਚਰਨ ਕੌਰ ਕੋਚਰ ਨਾਲ ਸਵਾਲ ਜਵਾਬ ਵੀ ਕੀਤੇ।

ਤੀਸਰੇ ਸੈਸ਼ਨ ਵਿੱਚ ਪ੍ਰਸਿੱਧ ਕਵਿੱਤਰੀ ਗੁਰਜੀਤ ਕੌਰ ਅਜਨਾਲਾ ਨੇ ਕਵੀਸ਼ਰੀ ਦੇ ਛੰਦਾਂ ਬਾਰੇ ਭਾਵਪੂਰਤ ਲੈਕਚਰ ਰਾਹੀਂ ਉਭਰਦੇ ਕਵੀਆਂ ਤੇ ਕਵਿਤਰੀਆਂ ਨੂੰ ਮੰਤਰ ਮੁਗਧ ਕੀਤੀ ਰੱਖਿਆ। ਇਸ ਮੌਕੇ ਤੇ ਪ੍ਰਸਿੱਧ ਕਵੀ ਨਾਨਕ ਚੰਦ, ਬੇਅੰਤ ਕੌਰ ਗਿੱਲ, ਅਵਤਾਰ ਸਿੰਘ ਗੋਇੰਦਵਾਲੀਆ ਅਤੇ ਹੋਰ ਪਤਵੰਤਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ. ਹਰਭਜਨ ਸਿੰਘ ਭਗਰੱਥ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਡਾ. ਹਰੀ ਸਿੰਘ ਜਾਚਕ ਪੰਜਾਬੀ ਸਾਹਿਤਕ ਜਗਤ ਦਾ ਚਮਕਦਾ ਹੋਇਆ ਸਿਤਾਰਾ ਹੈ, ਉਨ੍ਹਾਂ ਕਿਹਾ ਕਿ ਮੈਂ ਡਾ. ਜਾਚਕ ਦੀਆਂ ਕਵਿਤਾਵਾਂ ਦਾ ਬਹੁਤ ਵੱਡਾ ਫੈਨ ਹਾਂ ਅਤੇ ਮੇਰੇ ਵੱਡੇ ਭਾਗ ਹਨ ਕਿ 19ਵਾਂ ਸਾਲਾਨਾ ਸਮਾਗਮ ਸਾਡੇ ਇਲਾਕੇ ਵਿੱਚ ਉਲੀਕਿਆ ਗਿਆ। ਉਨ੍ਹਾਂ ਪੰਜਾਬੀ ਸਾਹਿਤਕ ਸਿਤਾਰੇ ਮੰਚ ਦਾ ਉਦੇਸ਼ ਸਾਝੇਂ ਕੀਤੇ।ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇਸ ਕਾਰਜਸ਼ਾਲਾ ਨੂੰ ਸਮੇਂ ਦੀ ਜਰੂਰਤ ਦੱਸਿਆ। ਉਨ੍ਹਾਂ ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਵਾਤਾਵਰਨ ਅਤੇ ਵਿੱਦਿਅਕ ਅਦਾਰਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮਾਣ ਮਹਿਸੂਸ ਕੀਤਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਸ੍ਰੀ ਖਡੂਰ ਸਾਹਿਬ ਦੀ ਧਰਤੀ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਰੂਹਾਨੀਅਤ ਦਾ ਅਹਿਸਾਸ ਕਰਵਾਇਆ ਅਤੇ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਆਖੀ।

Adv.

*ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ*

ਸਮਾਗਮ ਦੇ ਦੂਸਰੇ ਦਿਨ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਕੀਤੇ ਗਏ। ਇਸ ਦੌਰਾਨ ਸਮੂਹ ਕਵੀ ਸਾਹਿਬਾਨ ਵਲੋਂ ਗੁਰਦਵਾਰਾ ਅੰਗੀਠਾ ਸਾਹਿਬ, ਸਿੱਖ ਇਤਿਹਾਸ ਨਾਲ ਸਬੰਧਿਤ ਮਿਊਜ਼ੀਅਮ, ਗੁਰਦਵਾਰਾ ਮੱਲ ਅਖਾੜਾ ਸਾਹਿਬ, ਨਿਸ਼ਾਨ-ਏ-ਸਿੱਖੀ, ਗੁਰਦਵਾਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਗਏ।

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ, ਬੂਟਿਆਂ ਦਾ ਬਾਗ, ਆਦਿਕ ਅਸਥਾਨ ਵੀ ਵੇਖੇ ਗਏ | ਸੇਵਾ ਨਵਿਰਤ ਸੂਬੇਦਾਰ ਬਲਬੀਰ ਸਿੰਘ ਨੇ ਇਸ ਬਾਗ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਪ੍ਰਿੰਸੀਪਲ ਅਮਰਜੀਤ ਸਿੰਘ ਨੇ ਡਾਕਟਰ ਹਰੀ ਸਿੰਘ ਜਾਚਕ ਸਮੇਤ ਸਾਰੇ ਕਵੀ ਸਾਹਿਬਾਨ ਨੂੰ ਨਿਸ਼ਾਨਿ ਸਿੱਖੀ ਇੰਟਰਨੈਸ਼ਨਲ ਸਕੂਲ ਦਾ ਦੌਰਾ ਕਰਵਾਇਆ ਤੇ ਭਾਵਪੂਰਤ ਜਾਣਕਾਰੀ ਦਿੱਤੀ | ਜਿਸ ਦੀ ਡਾਕਟਰ ਹਰੀ ਸਿੰਘ ਜਾਚਕ, ਡਾ. ਰਮਨਦੀਪ ਸਿੰਘ ਦੀਪ ਤੇ ਹੋਰਾਂ ਨੇ ਭਰਪੂਰ ਸ਼ਲਾਘਾ ਕੀਤੀ ।
ਇਸ ਪੂਰੀ ਯਾਤਰਾ ਦੌਰਾਨ ਸਰਦਾਰ ਅੰਮ੍ਰਿਤਪਾਲ ਸਿੰਘ ਅਤੇ ਸਰਦਾਰ ਗੁਰਲਾਲ ਸਿੰਘ ਨੇ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਦੇ ਸਾਰੇ ਅਸਥਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਤੇ ਗੁਰ ਇਤਿਹਾਸ ਨਾਲ ਜੋੜਿਆ|

Adv.

*ਬਾਬਾ ਸੇਵਾ ਸਿੰਘ ਜੀ ਵਲੋਂ ਵਿਚਾਰਾਂ ਦੀ ਸਾਂਝ ਅਤੇ ਕਵੀ ਸਾਹਿਬਾਨ ਦਾ ਸਨਮਾਨ*

ਸ਼ਾਮ ਨੂੰ ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਨੇ ਵਿਚਾਰਾਂ ਦੀ ਸਾਂਝ ਪਾਈ, ਖਡੂਰ ਸਾਹਿਬ ਅਤੇ ਵਾਤਾਵਰਨ ਬਾਰੇ ਬਣਾਈ ਸ਼ੋਰਟ ਫਿਲਮ ਦਿਖਾਈ,ਖੂਬ ਅਸੀਸਾਂ ਦਿੱਤੀਆਂ, ਗੁਰਮੁਖੀ ਅੱਖਰਾਂ ਵਾਲੇ ਵਿੱਚ ਥੈਲੇ ਵਿੱਚ ਪੁਸਤਕਾਂ ਪਾ ਕੇ ਸਾਰੇ ਕਵੀ ਸਾਹਿਬਾਨ ਨੂੰ ਭੇਟ ਕੀਤੀਆਂ ਅਤੇ ਕਵੀ ਸਾਹਿਬਾਨ ਨਾਲ ਯਾਦਗਾਰੀ ਫੋਟੋ ਵੀ ਖਿਚਵਾਈ ।

*ਰੈਣ ਸਬਾਈ ਕਵੀ ਦਰਬਾਰ*

ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 11 ਅਕਤੂਬਰ ਰਾਤ 8 ਵਜੇ ਤੋਂ 12 ਅਕਤੂਬਰ ਸਵੇਰੇ 5 ਵਜੇ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਪਾਵਨ ਸ਼ਹਾਦਤ ਨੂੰ ਸਮਰਪਿਤ ਰੈਣ ਸਬਾਈ ਕਵੀ ਦਰਬਾਰ ਚੱਲਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੇ ਕਵੀ ਸਾਹਿਬਾਨ ਨੇ ਭਾਗ ਲਿਆ। ਇਸ ਦਾ ਉਦਘਾਟਨ ਜਥੇਦਾਰ ਬਾਬਾ ਗੁਰਪ੍ਰੀਤ ਸਿੰਘ, ਡੇਰਾ ਕਾਰ ਸੇਵਾ, ਖਡੂਰ ਸਾਹਿਬ ਨੇ ਕੀਤਾ। ਕਵੀਆਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਭਾਵਪੂਰਤ ਤੇ ਜੋਸ਼ ਭਰਪੂਰ ਕਵਿਤਾਵਾਂ ਸੁਣਾਈਆਂ। ਇਸ ਦਾ ਸਿੱਧਾ ਪ੍ਰਸਾਰਣ ਸ੍ਰੀ ਰਾਮ ਪ੍ਰੋਡਕਸ਼ਨ ਦੇ ਡਾਇਰੈਕਟਰ ਸ੍ਰੀ ਗੌਰਵ ਜੀ ਨੇ ਆਪਣੀ ਟੀਮ ਸਮੇਤ Dr Hari Singh Jachak YouTube channel ਤੇ ਕੀਤਾ ਜਿਸ ਕਾਰਣ ਸੰਸਾਰ ਭਰ ਦੀ ਸੰਗਤ ਨੇ ਇਸ ਦਾ ਅਨੰਦ ਮਾਣਿਆ ਤੇ ਕੂਮੈਂਟਸ ਰਾਹੀਂ ਕਵੀ ਸਾਹਿਬਾਨ ੜੂੰ ਅਸੀਸਾਂ ਭੇਜੀਆਂ।ਕਵੀ ਦਰਬਾਰ ਦੀ ਸਮਾਪਤੀ ਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਤੇ ਹੁਕਮਨਾਮਾ ਲਿਆ ਗਿਆ।

*ਪੁਸਤਕ ਰੀਲੀਜ ਅਤੇ ਸਮਾਰੋਹ ਸਮਾਰੋਹ*

ਭਾਰਤ ਭਰ ਤੋਂ ਪਹੁੰਚੇ ਹੋਏ ਕਵੀ ਸਾਹਿਬਾਨ ਦਾ ਸਨਮਾਨ ਸਮਾਰੋਹ ਅਤੇ ਪੁਸਤਕ ਰੀਲੀਜ ਸਮਾਗਮ 12 ਅਕਤੂਬਰ ਦਿਨੇ 9 ਵਜੇ ਤੋਂ 12 ਵਜੇ ਤੱਕ ਚੱਲਿਆ ਜਿਸ ਦੀ ਪ੍ਰਧਾਨਗੀ ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਨੇ ਕੀਤੀ ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਵਿਦਵਾਨ ਸਰਦਾਰ ਇਕਬਾਲ ਸਿੰਘ ਪੁੜੈਨ, ਪੰਥ ਦੇ ਪ੍ਰਸਿੱਧ ਸੰਗੀਤਕਾਰ ਸਰਦਾਰ ਅਵਤਾਰ ਸਿੰਘ ਤਾਰੀ, ਮਨਜਿੰਦਰ ਸਿੰਘ ਹਠੂਰ ਨੇ ਭਾਵਪੂਰਤ ਵਿਚਾਰਾਂ ਅਤੇ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਉਪਰੰਤ ਸਰਦਾਰ ਦਰਸ਼ਨ ਸਿੰਘ ਭੰਮੇ ਦੁਆਰਾ ਸੰਪਾਦਿਤ ਮਾਤਾ ਸਾਹਿਬ ਕੌਰ ਜੀ ਬਾਰੇ ਸਾਂਝਾ ਕਾਵਿ ਸੰਗ੍ਰਿਹ ‘ਖਾਲਸੇ ਦੀ ਮਾਤਾ,ਮਾਤਾ ਸਾਹਿਬ ਕੌਰ’, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਦੀ ਪੁਸਤਕ ‘ਦੀਨਾ ਕਾਂਗੜ ਦਾ ਇਤਿਹਾਸ’, ਜਸਵਿੰਦਰ ਕੌਰ ਜੱਸੀ ਦਾ ਕਾਵਿ ਸੰਗ੍ਰਿਹ ‘ਹਾਸੇ ਤੇ ਹਕੀਕਤ’, ਮਨਜੀਤ ਕੌਰ ਧੀਮਾਨ ਦੀ ਕਹਾਣੀਆਂ ਦੀ ਪੁਸਤਕ ‘ਸਫ਼ਰ-ਏ- ਮੰਜ਼ਿਲ’ ਰਿਲੀਜ਼ ਕੀਤੀਆਂ ਗਈਆਂ।ਸਰਦਾਰ ਦਰਸ਼ਨ ਸਿੰਘ ਭੰਮੇ ਅਤੇ ਡਾ ਬਲਵੰਤ ਸਿੰਘ ਸੰਧੂ ਨੇ ਸੰਬੋਧਨ ਕੀਤਾ। ਉਪਰੰਤ ਬਾਬਾ ਸੇਵਾ ਸਿੰਘ, ਡਾ.ਹਰੀ ਸਿੰਘ ਜਾਚਕ, ਸਰਦਾਰ ਦਰਸ਼ਨ ਸਿੰਘ ਭੰਮੇ, ਡਾ. ਬਲਵੰਤ ਸਿੰਘ ਨੇ ਸਾਰੇ ਕਵੀ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸੁਸਾਇਟੀ ਦੇ ਸਮੂਹ ਸੇਵਾਦਾਰਾਂ ਵਲੋਂ ਬਾਬਾ ਸੇਵਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨੇ ਪੰਜਾਬੀ ਸਾਹਿਤਕ ਸਿਤਾਰੇ ਮੰਚ ਦੇ ਮੁੱਖੀ ਸਰਦਾਰ ਹਰਭਜਨ ਸਿੰਘ ਭਗਰੱਥ ਅਤੇ ਸਮੂੰਹ ਅਹੁਦੇਦਾਰਾਂ ਵਲੋਂ ਡਾ.ਹਰੀ ਸਿੰਘ ਜਾਚਕ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਮਾਤਾ ਸਾਹਿਬ ਕੌਰ ਕਾਵਿ ਸੰਗ੍ਰਿਹ ਦੇ ਕਵੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਸਾਰੇ ਸਮਾਗਮ ਦੌਰਾਨ ਕਵੀ ਦਰਬਾਰ ਦੀ ਸਟੇਜ ਅਤੇ ਸਾਰੇ ਪ੍ਰਬੰਧਾਂ ਦੀ ਸੁਚੱਜੀ ਸੇਵਾ ਡਾ.ਰਮਨਦੀਪ ਸਿੰਘ ਦੀਪ, ਮਨਦੀਪ ਕੌਰ ਪ੍ਰੀਤ,ਐਡਵੋਕੇਟ ਬਵਨੀਤ ਕੌਰ, ਕੁਲਦੀਪ ਕੌਰ ਦੀਪ ਲੁਧਿਆਣਵੀ, ਸੁਰਜੀਤ ਕੌਰ ਭੋਗਪੁਰ,ਸੰਜੀਵ ਸਿੰਘ ਨਿਮਾਣਾ ਤੇ ਸਰਦਾਰ ਹਰਭਜਨ ਸਿੰਘ ਤੇ ਜਗਦੀਪ ਸਿੰਘ ਨੇ ਬਾਖੂਬੀ ਨਿਭਾਈ। ਇਸ ਦੇ ਨਾਲ ਹੀ ਬਾਬਾ ਸੇਵਾ ਸਿੰਘ ਜੀ ਦੀ ਦੇਖ ਰੇਖ ਨਿਰਮਲ ਸਿੰਘ ਜੀ, ਸਿਮਰਜੀਤ ਸਿੰਘ ਤੇ ਹੋਰ ਸੇਵਾਦਾਰਾਂ ਨੇ ਸੁਚੱਜੀਆਂ ਸੇਵਾਵਾਂ ਨਿਭਾਈਆ।

ਧੰਨਵਾਦ ਸਹਿਤ

ਡਾ.ਹਰੀ ਸਿੰਘ ਜਾਚਕ
9988321245
9988321246

Leave a Reply

Your email address will not be published. Required fields are marked *