ਡਾਇਮੰਡ ਜੁਬਲੀ (75ਵਾਂ ਸਾਲ) ਬਟਾਲੇ ਦੀ ਸਭ ਤੋਂ ਪੁਰਾਣੀ ਰਾਮ-ਲੀਲ੍ਹਾ, ਜਿੱਥੇ ਅੱਜ ਵੀ ਉਰਦੂ ਵਿੱਚ ਬੋਲੇ ਜਾਂਦੇ ਹਨ ਸੰਵਾਦ

ਡਾਇਮੰਡ ਜੁਬਲੀ (75ਵਾਂ ਸਾਲ)

ਬਟਾਲੇ ਦੀ ਸਭ ਤੋਂ ਪੁਰਾਣੀ ਰਾਮ-ਲੀਲ੍ਹਾ, ਜਿੱਥੇ ਅੱਜ ਵੀ ਉਰਦੂ ਵਿੱਚ ਬੋਲੇ ਜਾਂਦੇ ਹਨ ਸੰਵਾਦ

ਬਟਾਲਾ ਸ਼ਹਿਰ ਦੇ ਮੀਆਂ ਮੁਹੱਲੇ ਵਿੱਚ ਰਾਮ-ਲੀਲ੍ਹਾ ਦੌਰਾਨ ਸ੍ਰੀ ਰਾਮ ਚੰਦਰ, ਲਕਸ਼ਮਣ, ਸੀਤਾ, ਰਾਵਣ ਸਮੇਤ ਰਮਾਇਣ ਦੇ ਹੋਰ ਪਾਤਰਾਂ ਦੇ ਮੂੰਹੋਂ ਉਰਦੂ ਦੇ ਬੋਲ ਸੁਣਨਾ ਜਿੱਥੇ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ ਅਤੇ ਉੱਥੇ ਹੀ ਇਹ ਸੰਵਾਦ ਇਸ ਰਾਮ-ਲੀਲ੍ਹਾ ਨੂੰ ਕਾਫ਼ੀ ਵੱਖਰਾ ਵੀ ਬਣਾ ਦਿੰਦੇ ਹਨ।

ਬਟਾਲਾ ਦੇ ਮੀਆਂ ਮੁਹੱਲਾ ਵਿਖੇ ਆਪਣੀ ਡਾਇਮੰਡ ਜੁਬਲੀ ਮਨਾ ਰਹੀ ਇਹ ਰਾਮ-ਲੀਲ੍ਹਾ ਭਾਵੇਂ 75 ਵਰ੍ਹੇ ਪਹਿਲਾਂ ਬਟਾਲਾ ਵਿਖੇ ਸ਼ੁਰੂ ਹੋਈ ਸੀ ਪਰ ਜੇਕਰ ਇਸ ਦਾ ਇਤਿਹਾਸ ਦੇਖਿਆ ਜਾਵੇ ਤਾਂ ਇਹ ਰਾਮ-ਲੀਲ੍ਹਾ ਇਸ ਤੋਂ ਵੀ ਕਿਤੇ ਪੁਰਾਣੀ ਮੰਚਨ ਹੋ ਰਹੀ ਹੈ। ਵੰਡ ਤੋਂ ਪਹਿਲਾਂ ਇਹ ਰਾਮ-ਲੀਲ੍ਹਾ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਨਾਰੋਵਾਲ ਵਿਖੇ ਮੰਚਨ ਹੁੰਦੀ ਸੀ।

ਸੰਨ 1947 ਦੀ ਵੰਡ ਵੇਲੇ ਜਦੋਂ ਮੁਲਕ ਦਾ ਬਟਵਾਰਾ ਹੋਇਆ ਤਾਂ ਅਬਾਦੀ ਦੇ ਤਬਾਦਲੇ ਤਹਿਤ ਬਟਾਲਾ ਸ਼ਹਿਰ ਜੋ ਮੁਸਲਿਮ ਬਹੁ-ਗਿਣਤੀ ਸ਼ਹਿਰ ਸੀ ਇੱਥੋਂ ਦੇ ਸਾਰੇ ਮੁਸਲਮਾਨ ਨਵੇਂ ਬਣੇ ਮੁਲਕ ਪਾਕਿਸਤਾਨ ਵਿੱਚ ਚਲੇ ਗਏ ਅਤੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਹਿੰਦੂ ਤੇ ਸਿੱਖ ਪਰਿਵਾਰਾਂ ਨੇ ਏਧਰ ਚੜ੍ਹਦੇ ਪੰਜਾਬ ਵਿੱਚ ਆ ਕੇ ਆਸਰਾ ਲਿਆ। ਨਾਰੋਵਾਲ, ਸਿਆਲਕੋਟ ਤੇ ਹੋਰ ਇਲਾਕਿਆਂ ‘ਚੋਂ ਉੱਜੜ ਕੇ ਆਏ ਬਹੁਤ ਸਾਰੇ ਲੋਕਾਂ ਨੇ ਬਟਾਲਾ ਸ਼ਹਿਰ ਨੂੰ ਆਪਣਾ ਘਰ ਬਣਾਇਆ। ਇਨ੍ਹਾਂ ਹੀ ਹਿਜਰਤ ਕਰਨ ਵਾਲਿਆਂ ਵਿੱਚ ਨਾਰੋਵਾਲ ਅਤੇ ਆਸ-ਪਾਸ ਦੇ ਪਿੰਡਾਂ ਦੇ ਹਿੰਦੂ ਪਰਿਵਾਰ ਜਿਨ੍ਹਾਂ ਵਿੱਚ ਪੂਰਨ ਚੰਦ ਜੈਨ, ਰਾਮ ਲੁਭਾਇਆ, ਗੁਲਜ਼ਾਰੀ ਲਾਲ ਚੌਹਾਨ, ਹੰਸ ਰਾਜ ਸ਼ਾਸਤਰੀ, ਜਨਕ ਰਾਜ ਢੱਲ, ਜਗਮੋਹਨ ਬਾਵਾ, ਦਵਾਰਕਾ ਦਾਸ, ਜਗਦੀਸ਼ ਰਾਜ, ਹੀਰ ਲਾਲ ਜੈਨ, ਪ੍ਰਮੋਦ ਜੈਨ, ਦੀਵਾਨ ਚੰਦ ਅਤੇ ਰਜਿੰਦਰ ਕੁਮਾਰ ਢੱਲ ਸ਼ਾਮਲ ਆਦਿ ਸਨ ਅਤੇ ਇਨ੍ਹਾਂ ਸਾਰਿਆਂ ਨੇ ਬਟਾਲਾ ਵਿੱਚ ਹੀ ਆਪਣੀਆਂ ਜੜ੍ਹਾਂ ਲਗਾਈਆਂ। ਇਹ ਸਾਰੇ ਸੱਜਣ ਆਪਣੇ ਪਿਛਲੇ ਪਿੰਡਾਂ ਵਿੱਚ ਵੀ ਰਾਮ-ਲੀਲ੍ਹਾ ਦਾ ਮੰਚਨ ਕਰਦੇ ਸਨ ਪਰ 1947 ਦੇ ਰੌਲ਼ਿਆਂ ਦਰਮਿਆਨ ਉਸ ਸਾਲ ਰਾਮ-ਲੀਲ੍ਹਾ ਦਾ ਮੰਚਨ ਨਾ ਕਰ ਸਕੇ।

ਖ਼ੈਰ ਸਮਾਂ ਗੁਜ਼ਰਿਆ, ਉੱਜੜੇ ਹੋਏ ਪਰਿਵਾਰ ਮੁੜ ਆਪਣੀ ਜ਼ਿੰਦਗੀ ਨੂੰ ਲੀਹੇ ਲਿਆਉਣ ਲਈ ਯਤਨ ਕਰਨ ਲੱਗੇ। ਬਟਾਲਾ ਵਿਖੇ ਉੱਜੜ ਕੇ ਆਏ ਇਨ੍ਹਾਂ ਸੱਜਣਾਂ ਨੇ ਜਿੱਥੇ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਪਾਰ ਪਾਉਣ ਦੀ ਸੋਚੀ ਓਥੇ ਇਨ੍ਹਾਂ ਆਪਣੀ ਵਿਰਾਸਤ ਨੂੰ ਕਾਇਮ ਰੱਖਦਿਆਂ ਰਾਮ-ਲੀਲ੍ਹਾ ਨੂੰ ਮੁੜ ਸ਼ੁਰੂ ਕਰਨ ਦਾ ਯਤਨ ਕੀਤਾ। ਜਨਕ ਰਾਜ ਢੱਲ ਜੋ ਕਿ ਵੰਡ ਤੋਂ ਪਹਿਲਾਂ ਨਾਰੋਵਾਲ ਵਿਖੇ ਖੇਡੀ ਜਾਂਦੀ ਰਾਮ-ਲੀਲ੍ਹਾ ਵਿੱਚ ਵੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਂਦੇ ਸਨ ਅਤੇ ਉਨ੍ਹਾਂ ਕੋਲ ਉਰਦੂ ਵਿੱਚ ਲਿਖੀ ਹੋਈ ਰਾਮ-ਲੀਲ੍ਹਾ ਦੇ ਡਾਇਲਾਗ ਦੀ ਕਿਤਾਬ ਸੀ, ਵੰਡ ਵੇਲੇ ਉਹ ਇਸ ਨੂੰ ਆਪਣੇ ਨਾਲ ਲੈ ਆਏ ਸਨ।

ਜਦੋਂ ਸੰਨ 1948 ਦਾ ਦਸਹਿਰਾ ਆਉਣ ਵਾਲਾ ਸੀ ਤਾਂ ਰਾਮ-ਲੀਲ੍ਹਾ ਦੇ ਇਹ ਸਾਰੇ ਪਾਤਰ ਇਕੱਠੇ ਹੋਏ ਅਤੇ ਮੁੜ ਬਟਾਲਾ ਵਿੱਚ ਰਾਮ-ਲੀਲ੍ਹਾ ਸ਼ੁਰੂ ਕਰਨ ਦੀ ਵਿਚਾਰ ਕੀਤੀ। ਨਾਰੋਵਾਲ ਵਾਲੀ ਰਾਮ-ਲੀਲ੍ਹਾ ਦੇ ਬਹੁਤੇ ਪਾਤਰ ਬਟਾਲਾ ਵਿਖੇ ਹੀ ਸਨ ਸੋ ਕੁਝ ਦਿਨ ਦਾ ਅਭਿਆਸ ਕੀਤਾ ਅਤੇ ਸੰਨ 1948 ਵਿੱਚ ਪਹਿਲੀ ਰਾਮ-ਲੀਲ੍ਹਾ ਦਾ ਮੰਚਨ ਬਟਾਲਾ ਦੇ ਰੇਲਵੇ ਸਟੇਸ਼ਨ ਵਿਖੇ ਕੀਤਾ ਗਿਆ। ਸੰਗਤ ਨੇ ਇਸ ਰਾਮ-ਲੀਲ੍ਹਾ ਨੂੰ ਬਹੁਤ ਵੱਡਾ ਹੁੰਗਾਰਾ ਦਿੱਤਾ ਅਤੇ ਫਿਰ ਅਗਲੇ ਦੋ ਸਾਲ ਇਸ ਰਾਮ-ਲੀਲ੍ਹਾ ਦਾ ਮੰਚਨ ਹਾਥੀ ਗੇਟ ਦੇ ਲਾਗੇ ਕੀਤਾ ਗਿਆ। ਉਸ ਉਪਰੰਤ ਇਹ ਰਾਮ-ਲੀਲ੍ਹਾ ਲਗਾਤਾਰ ਮੀਆਂ ਮੁਹੱਲਾ ਵਿਖੇ ਮੌਜੂਦਾ ਥਾਂ ਉੱਪਰ ਮੰਚਨ ਹੋ ਰਹੀ ਹੈ।

Adv.

ਇਨ੍ਹਾਂ ਸਾਰੇ ਸੱਜਣਾਂ ਵੱਲੋਂ ਵੰਡ ਤੋਂ ਬਾਅਦ ਬਟਾਲਾ ਵਿਖੇ ਮਹਾਂਬੀਰ ਥੀਏਟਰੀਕਲ ਕਲੱਬ, ਮੀਆਂ ਮੁਹੱਲਾ ਦਾ ਗਠਨ ਕੀਤਾ ਗਿਆ ਅਤੇ ਉਸ ਦੇ ਪਹਿਲੇ ਪ੍ਰਧਾਨ ਪੂਰਨ ਚੰਦ ਜੈਨ ਬਣੇ। ਰਾਮ ਲੁਭਾਇਆ ਮੈਨੇਜਰ, ਗੁਲਜ਼ਾਰੀ ਲਾਲ ਚੌਹਾਨ ਵਾਈਸ ਪ੍ਰਧਾਨ, ਹੰਸ ਰਾਜ ਸ਼ਾਸਤਰੀ, ਜਨਕ ਰਾਜ ਢੱਲ ਡਾਇਰੈਕਟਰ, ਜਗਮੋਹਨ ਬਾਵਾ ਅਸਿਸਟੈਂਟ ਡਾਇਰੈਕਟਰ, ਦਵਾਰਕਾ ਦਾਸ ਖ਼ਜ਼ਾਨਚੀ, ਜਗਦੀਸ਼ ਰਾਜ, ਹੀਰ ਲਾਲ ਜੈਨ, ਪ੍ਰਮੋਦ ਜੈਨ, ਦੀਵਾਨ ਚੰਦ ਅਤੇ ਰਜਿੰਦਰ ਕੁਮਾਰ ਢੱਲ ਕਲੱਬ ਦੇ ਫਾਊਂਡਰ ਅਹੁਦੇਦਾਰ ਅਤੇ ਮੈਂਬਰ ਬਣੇ।

 

ਸੰਨ 1948 ਵਿੱਚ ਪਹਿਲੀ ਵਾਰ ਰਾਮ-ਲੀਲ੍ਹਾ ਦੇ ਮੰਚਨ ਦੌਰਾਨ ਸ੍ਰੀ ਰਾਮ ਚੰਦਰ ਜੀ ਦਾ ਰੋਲ ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਪੂਰਨ ਚੰਦ ਜੈਨ ਵੱਲੋਂ ਕੀਤਾ ਗਿਆ ਅਤੇ ਉਹ ਲਗਾਤਾਰ 50 ਸਾਲ ਸ੍ਰੀ ਰਾਮ ਚੰਦਰ ਜੀ ਦਾ ਰੋਲ ਕਰਦੇ ਰਹੇ। ਇਸੇ ਤਰ੍ਹਾਂ ਰਾਮ ਲੁਭਾਇਆ ਵੱਲੋਂ ਵੀ ਸ਼ੁਰੂ ਤੋਂ ਲੈ ਕੇ ਲੰਮਾ ਸਮਾਂ ਰਾਵਣ ਦਾ ਕਿਰਦਾਰ ਨਿਭਾਇਆ ਗਿਆ ਜਿਨ੍ਹਾਂ ਨੂੰ ਬਟਾਲਾ ਦੇ ਲੋਕ ਅੱਜ ਵੀ ਯਾਦ ਕਰਦੇ ਹਨ। ਇਸੇ ਤਰ੍ਹਾਂ ਰਾਮ-ਲੀਲ੍ਹਾ ਦੇ ਹੋਰ ਕਿਰਦਾਰਾਂ ਨੂੰ ਨਿਭਾਉਣ ਵਾਲੇ ਕਲਾਕਾਰ ਅੱਜ ਵੀ ਬਟਾਲਾ ਵਾਸੀਆਂ ਦੇ ਦਿਲਾਂ ਵਿੱਚ ਵੱਸਦੇ ਹਨ।

Adv.

ਮਹਾਂਬੀਰ ਥੀਏਟਰੀਕਲ ਕਲੱਬ ਮੀਆਂ ਮੁਹੱਲਾ ਦੇ ਫਾਊਂਡਰ ਮੈਂਬਰ ਅਤੇ ਡਾਇਰੈਕਟ ਸਵਰਗੀ ਜਨਕ ਰਾਜ ਢੱਲ ਦੇ ਸਪੁੱਤਰ ਸ਼ਸ਼ੀ ਢੱਲ ਜੋ ਕਿ ਇਸ ਸਮੇਂ ਕਲੱਬ ਦੇ ਸਰਗਰਮ ਅਹੁਦੇਦਾਰ ਹਨ ਦੱਸਦੇ ਹਨ ਕਿ ਪਹਿਲਾਂ ਪੇਸ਼ ਕੀਤੀ ਰਾਮ-ਲੀਲ੍ਹਾ ਸਾਰੀ ਉਰਦੂ ਵਿੱਚ ਹੀ ਹੁੰਦੀ ਕਿਉਂਕਿ ਵੰਡ ਤੋਂ ਪਹਿਲਾਂ ਦੇ ਸਾਰੇ ਬਜ਼ੁਰਗ ਉਰਦੂ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਦੱਸਿਆ ਕਿ ਮੀਆਂ ਮਹੱਲਾ ਵਿਖੇ ਲੱਗਦੀ ਇਸ ਰਾਮ-ਲੀਲ੍ਹਾ ਵਿੱਚ ਦਹਾਕਿਆਂ ਤੱਕ ਉਰਦੂ ਸੰਵਾਦ ਹੀ ਚੱਲਦੇ ਰਹੇ। ਉਨ੍ਹਾਂ ਦੱਸਿਆ ਕਿ ਉਰਦੂ ਵਾਲੀ ਰਾਮ-ਲੀਲ੍ਹਾ ਦਾ ਸਾਰਾ ਸੰਵਾਦ ਲੈਅ-ਬੱਧ ਹੁੰਦਾ ਸੀ ਅਤੇ ਸਾਰੇ ਕਲਾਕਾਰ ਗਾ ਕੇ ਆਪਣੇ ਡਾਇਲਾਗ ਪੇਸ਼ ਕਰਦੇ ਸਨ। ਫਿਰ ਜਦੋਂ ਅਗਲੀ ਪੀੜ੍ਹੀ ਦੇ ਕਲਾਕਾਰ ਰਾਮ-ਲੀਲ੍ਹਾ ਨਾਲ ਜੁੜਦੇ ਗਏ ਤਾਂ ਉਨ੍ਹਾਂ ਨੂੰ ਉਰਦੂ ਬੋਲਣ ਵਿੱਚ ਔਖ ਮਹਿਸੂਸ ਹੋਣ ਲੱਗੀ। ਇਸ ਤੋਂ ਬਾਅਦ ਕਲੱਬ ਵੱਲੋਂ 90 ਦੇ ਦਹਾਕੇ ਵਿੱਚ ਰਾਮ-ਲੀਲ੍ਹਾ ਦੇ ਸਾਰੇ ਡਾਇਲਾਗ ਦਾ ਉਰਦੂ ਤੋਂ ਹਿੰਦੀ ਵਿੱਚ ਤਰਜ਼ਮਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਾਮ-ਲੀਲ੍ਹਾ ਦੇ ਸੰਵਾਦਾਂ (ਡਾਇਲਾਗ) ਦੀ ਲਿਪੀ ਹੀ ਸ਼ਾਹਮੁਖੀ ਤੋਂ ਦੇਵਨਾਗਰੀ ਕੀਤੀ ਗਈ ਹੈ, ਅਜੇ ਵੀ ਇਸ ਰਾਮ-ਲੀਲ੍ਹਾ ਦੇ ਬਹੁਤ ਸਾਰੇ ਸੰਵਾਦ ਉਰਦੂ ਜ਼ਬਾਨ ਵਿੱਚ ਹੀ ਹਨ। ਇਹੀ ਕਾਰਨ ਹੈ ਕਿ ਅੱਜ ਵੀ ਜਦੋਂ ਇਹ ਰਾਮ-ਲੀਲ੍ਹਾ ਮੰਚਨ ਹੁੰਦੀ ਹੈ ਤਾਂ ਬਹੁਤ ਸਾਰੇ ਡਾਇਲਾਗ ਉਰਦੂ ਦੇ ਹੁੰਦੇ ਹਨ।

Adv.

ਮੀਆਂ ਮੁਹੱਲੇ ਦੀ ਇਸ ਰਾਮ-ਲੀਲ੍ਹਾ ’ਚ ਨਾਟ-ਪਰੰਪਰਾ ਰਾਹੀਂ ਕਲਾਕਾਰ ਸੀਤਾ ਹਰਨ ਤੋਂ ਲੈ ਕੇ ਲੰਕਾ ਦਹਿਨ ਤੱਕ ਦੀ ਕਹਾਣੀ ਬਾਖ਼ੂਬੀ ਪੇਸ਼ ਕਰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਮਨਜਿੰਦਰ ਸਿੰਘ ਸੰਧੂ ਵੱਲੋਂ ਸ੍ਰੀ ਰਾਮ ਚੰਦਰ ਜੀ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ। ਰਾਵਣ ਦਾ ਕਿਰਦਾਰ ਰਾਕੇਸ਼ ਕੁਮਾਰ ਬਿੱਟੂ ਜੋ ਕਿ ਜਲੰਧਰ ਵੱਸ ਗਏ ਹਨ ਉਨ੍ਹਾਂ ਵੱਲੋਂ ਉਚੇਚਾ ਬਟਾਲਾ ਆ ਕੇ ਨਿਭਾਇਆ ਜਾਂਦਾ ਹੈ।

 

ਇਸ ਸਮੇਂ ਮਹਾਂਬੀਰ ਥੀਏਟਰੀਕਲ ਕਲੱਬ ਮੀਆਂ ਮੁਹੱਲਾ ਦੇ ਮੌਜੂਦਾ ਪ੍ਰਧਾਨ ਦਵਿੰਦਰ ਜੈਨ ਦੀ ਅਗਵਾਈ ਹੇਠ ਸ਼ਸ਼ੀ ਢੱਲ, ਰਾਕੇਸ਼ ਮਹਾਜਨ, ਸੌਰਵ ਚੌਹਾਨ ਸਮੇਤ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਹਰ ਸਾਲ ਰਾਮ-ਲੀਲ੍ਹਾ ਦਾ ਸ਼ਾਨਦਾਰ ਮੰਚਨ ਕੀਤਾ ਜਾਂਦਾ ਹੈ। ਭਾਵੇਂ ਇਸ ਸਮੇਂ ਬਟਾਲਾ ਸ਼ਹਿਰ ਵਿੱਚ ਦਰਜਨ ਦੇ ਕਰੀਬ ਹੋਰ ਰਾਮ-ਲੀਲ੍ਹਾ ਵੀ ਮੰਚਨ ਹੁੰਦੀਆਂ ਹਨ ਪਰ ਮੀਆਂ ਮੁਹੱਲਾ ਦੀ ਰਾਮ-ਲੀਲ੍ਹਾ ਆਪਣੇ ਆਪ ਵਿੱਚ ਵੱਖਰੀ ਤੇ ਵਿਰਾਸਤੀ ਹੈ। ਰਾਮ-ਲੀਲ੍ਹਾ ਦੇ ਸਫ਼ਲ ਮੰਚਨ ਲਈ ਮਹਾਂਬੀਰ ਥੀਏਟਰੀਕਲ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵਧਾਈ ਦੇ ਹੱਕਦਾਰ ਹਨ। ਭਗਵਾਨ ਰਾਮ ਜੀ ਦੀ ਕ੍ਰਿਪਾ ਇਨ੍ਹਾਂ ਸਾਰਿਆਂ ਉੱਪਰ ਬਣੀ ਰਹੇ ਅਤੇ ਰਾਮ-ਲੀਲ੍ਹਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਗੌਰਵਸ਼ਾਲੀ ਸੰਸਕ੍ਰਿਤੀ ਅਤੇ ਅਧਿਆਤਮਿਕਤਾ ਨਾਲ ਜੋੜਦੀ ਰਹੇ।

ਧੰਨਵਾਦ ਸਹਿਤ:-

– ਇੰਦਰਜੀਤ ਸਿੰਘ ਬਾਜਵਾ,

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,

ਗੁਰਦਾਸਪੁਰ।

98155-77574

Leave a Reply

Your email address will not be published. Required fields are marked *