ਬਟਾਲਾ, 16 ਸਤੰਬਰ ( ) – ਵਿਰਾਸਤੀ ਮੰਚ ਬਟਾਲਾ (ਰਜਿ:) ਵੱਲੋਂ ਬੀਤੀ ਸ਼ਾਮ ਮਹਾਰਾਜਾ ਸ਼ੇਰ ਸਿੰਘ ਤੇ ਉਸ ਦੇ ਪੁੱਤਰ ਟਿੱਕਾ ਪ੍ਰਤਾਪ ਸਿੰਘ ਦੀ 182ਵੀਂ ਬਰਸੀ ਮਨਾਈ ਗਈ। ਬਰਸੀ ਨੂੰ ਸਮਰਪਿਤ ਵਿਰਾਸਤੀ ਮੰਚ ਵੱਲੋਂ ਇੱਕ ਦਿਨ ਪਹਿਲਾਂ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਵਿਸ਼ੇਸ਼ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਮਹਾਰਾਜਾ ਸ਼ੇਰ ਸਿੰਘ ਵੇਲੇ ਉਸ ਦੇ ਪੁੱਤਰ ਟਿੱਕਾ ਪ੍ਰਤਾਪ ਸਿੰਘ ਦੀ ਇਤਿਹਾਸਕ ਦੇਣ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣੂ ਕਰਵਾਇਆ ਗਿਆ।
ਬੀਤੀ ਸ਼ਾਮ ਵਿਰਾਸਤੀ ਮੰਚ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮਹਾਰਾਜਾ ਸ਼ੇਰ ਸਿੰਘ ਦੇ ਪੈਲੇਸ ਦੇ ਬਾਹਰਵਾਰ ਮੋਮਬਤੀਆਂ ਜਗਾ ਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਗੱਲ ਕਰਦਿਆਂ ਵਿਰਾਸਤੀ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਮਹਾਰਾਜਾ ਸ਼ੇਰ ਸਿੰਘ ਤੇ ਉਸ ਦੇ ਪੁੱਤਰ ਪ੍ਰਤਾਪ ਸਿੰਘ ਦਾ ਕਤਲ 15 ਸਤੰਬਰ 1843 ਨੂੰ ਲਾਹੌਰ ਵਿੱਚ ਉਸ ਸਮੇਂ ਕੀਤਾ ਗਿਆ ਜਦੋਂ ਉਹ ਲਾਹੌਰ ਦਰਬਾਰ ਦੀ ਬਾਦਸ਼ਾਹੀ ਸੰਭਾਲ ਰਹੇ ਸਨ। ਉਨ੍ਹਾਂ ਕਿਹਾ ਕਿ ਮਹਾਰਾਜਾ ਸ਼ੇਰ ਸਿੰਘ ਕਤਲ ਪੰਜਾਬ ਦੇ ਇਤਿਹਾਸ ਦਾ ਉਹ ਕਾਲਾ ਦਿਨ ਹੈ ਜਿਸ ਨੇ ਪੰਜਾਬ ਦੀ ਤਕਦੀਰ ਨੂੰ ਹਨੇਰੇ ਵਿੱਚ ਧੱਕ ਦਿੱਤਾ ਸੀ।
ਇਸ ਮੌਕੇ ਵਿਰਾਸਤੀ ਮੰਚ ਦੇ ਜਨਰਲ ਸਕੱਤਰ ਡੀ.ਪੀ.ਆਰ.ਓ. ਇੰਦਰਜੀਤ ਸਿੰਘ ਹਰਪੁਰਾ ਨੇ ਮਹਾਰਾਜਾ ਸ਼ੇਰ ਸਿੰਘ ਤੇ ਉਸ ਦੇ ਪੁੱਤਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸ਼ੇਰ ਸਿੰਘ ਮਹਾਰਾਜ ਰਣਜੀਤ ਸਿੰਘ ਦੇ ਪੁੱਤਰ ਸਨ ਅਤੇ ਸੰਨ 1807 ਵਿੱਚ ਉਨ੍ਹਾਂ ਦਾ ਜਨਮ ਬਟਾਲਾ ਵਿਖੇ ਹੋਇਆ ਸੀ। ਸ਼ੇਰ ਸਿੰਘ ਆਪਣੀ ਨਾਨੀ ਸਰਦਾਰਨੀ ਸਦਾ ਕੌਰ ਦੀ ਦੇਖ-ਰੇਖ ਹੇਠ ਬਟਾਲੇ ਹੀ ਵੱਡਾ ਹੋਇਆ ਅਤੇ ਇੱਥੇ ਹੀ ਉਸ ਨੇ ਆਪਣਾ ਖ਼ੂਬਸੂਰਤ ਮਹਿਲ ਤੇ ਬਾਰਾਂਦਰੀ ਬਣਵਾਈ ਜੋ ਅੱਜ ਵੀ ਬਟਾਲਾ ਵਿਖੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਸ਼ੇਰ ਸਿੰਘ ਦੀ ਇਤਿਹਾਸ ਵਿੱਚ ਵੱਡੀ ਥਾਂ ਹੈ ਅਤੇ ਜਦੋਂ ਉਸ ਨੇ ਲਾਹੌਰ ਦਰਬਾਰ ਦੀ ਕਮਾਨ ਸੰਭਾਲੀ ਤਾਂ ਉਸ ਦੇ ਰਾਜ ਵਿੱਚ ਵੀ ਸਰਕਾਰ ਖ਼ਾਲਸਾ ਜੀ ਦੀਆਂ ਹੱਦਾਂ ਵਿੱਚ ਵਾਧਾ ਹੋਇਆ ਸੀ। ਉਨ੍ਹਾਂ ਕਿਹਾ ਕਿ ਤਿੱਬਤ ਤੇ ਲਦਾਖ਼ ਵੱਲ ਇਲਾਕੇ ਮਹਾਰਾਜਾ ਸ਼ੇਰ ਸਿੰਘ ਦੇ ਰਾਜ ਵਿੱਚ ਹੀ ਖ਼ਾਲਸਾ ਫ਼ੌਜਾਂ ਵੱਲੋਂ ਜਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਮਹਾਰਾਜਾ ਸ਼ੇਰ ਸਿੰਘ ਦੀ ਇਤਿਹਾਸਕ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਵਿਰਾਸਤੀ ਮੰਚ ਦੇ ਚੇਅਰਮੈਨ ਐਡਵੋਕੇਟ ਹਰਦਿੱਤ ਸਿੰਘ ਮਾਂਗਟ, ਸ਼ਮਸ਼ੇਰ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰਿੰਸ ਚੱਠਾ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਜਸਬੀਰ ਸਿੰਘ, ਹਰਬਖ਼ਸ਼ ਸਿੰਘ, ਹਰਪ੍ਰੀਤ ਸਿੰਘ, ਅਨੁਰਾਗ ਮਹਿਤਾ, ਹਰਮਨ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।





