ਸ੍ਰੀ ਗੁਰੂ ਨਾਨਕ ਸਾਹਿਬ ਦਾ ਬਟਾਲਾ
ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਸੰਨ 1947 ਤੱਕ ਸੰਗਤਾਂ ਦੀ ਸ਼ਰਧਾ ਅਤੇ ਆਸਥਾ ਦਾ ਕੇਂਦਰ ਰਿਹਾ ਹੈ। ਜਨਮ ਸਾਖੀਆਂ ਵਿੱਚ ਵੀ ਜਿਕਰ ਮਿਲਦਾ ਹੈ ਕਿ ਜਦੋਂ ਗੁਰੂ ਸਾਹਿਬ ਦੀ ਬਰਾਤ ਬਟਾਲਾ ਸ਼ਹਿਰ ਪਹੁੰਚੀ ਤਾਂ ਸ਼ਹਿਰੋਂ ਬਾਹਰਵਾਰ ਇੱਕ ਬਾਗ ਵਿੱਚ ਬਰਾਤ ਨੇ ਉਤਾਰਾ ਕੀਤਾ ਤਾਂ ਇਥੋਂ ਹੀ ਮੂਲ ਚੰਦ ਜੀ ਦੇ ਪਰਿਵਾਰ ਨੂੰ ਬਰਾਤ ਪਹੁੰਚਣ ਦੀ ਸੂਚਨਾ ਭੇਜੀ ਗਈ, ਜਿਸ ਉਪਰੰਤ ਮੂਲ ਚੰਦ ਜੀ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸ਼ਹਿਰ ਦੇ ਪਤਵੰਤੇ ਇਸ ਬਾਗ ਵਿੱਚ ਬਰਾਤ ਨੂੰ ਜੀ ਆਇਆਂ ਨੂੰ ਕਹਿਣ ਅਤੇ ਆਪਣੇ ਨਾਲ ਬਰਾਤ ਨੂੰ ਸ਼ਹਿਰ ਅੰਦਰ ਲੈ ਕੇ ਗਏ ਸਨ। ਜਿਸ ਜਗ੍ਹਾ ਬਾਗ ਵਿੱਚ ਗੁਰੂ ਸਾਹਿਬ ਠਹਿਰੇ ਸਨ ਓਥੇ ਬਾਅਦ ਵਿੱਚ ਸੰਗਤਾਂ ਵੱਲੋਂ ਇੱਕ ਛੋਟਾ ਕਮਰਾ ਗੁਰੂ ਸਾਹਿਬ ਦੀ ਯਾਦ ਵਿੱਚ ਉਸਾਰ ਦਿੱਤਾ, ਜਿਸਨੂੰ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਵਜੋਂ ਜਾਣਿਆਂ ਜਾਂਦਾ ਸੀ।
ਭਾਈ ਧੰਨਾ ਸਿੰਘ ਚਹਿਲ
ਮਹਾਰਾਜਾ ਪਟਿਆਲਾ ਦਾ ਇੱਕ ਡਰਾਈਵਰ ਹੋਇਆ ਹੈ ਭਾਈ ਧੰਨਾ ਸਿੰਘ ਚਹਿਲ। ਇਹ ਕੋਈ ਸਧਾਰਨ ਪੁਰਖ ਨਹੀਂ ਸੀ। ਇਸਨੇ ਜੋ ਕਾਰਜ ਸਿੱਖੀ ਦੀ ਸੇਵਾ ਲਈ ਕੀਤਾ ਹੈ ਉਸ ਲਈ ਧੰਨਾ ਸਿੰਘ ਚਹਿਲ ਧੰਨਤਾ ਦੇ ਯੋਗ ਹੈ। ਭਾਈ ਧੰਨਾ ਸਿੰਘ ਚਹਿਲ ਨੇ ਸੰਨ 1930 ਤੋਂ 1935 ਤੱਕ ਆਪਣੇ ਸਾਈਕਲ ’ਤੇ ਕੈਮਰਾ ਲੈ ਕੇ ਦੇਸ਼ ਭਰ ਦੇ ਗੁਰਤੀਰਥਾਂ ਦੀ ਯਾਤਰਾ ਕੀਤੀ। ਯਾਤਰਾ ਦੌਰਾਨ ਉਸਨੇ ਗੁਰੂ ਸਾਹਿਬਾਨ ਨਾਲ ਸਬੰਧਤ ਸਾਰੇ ਗੁਰਧਾਮਾਂ ਦੇ ਦਰਸ਼ਨ ਕੀਤੇ ਉਨ੍ਹਾਂ ਦੀਆਂ ਤਸਵੀਰਾਂ ਲਈਆਂ ਅਤੇ ਉਸ ਸਮੇਂ ਹਾਲ ਬਿਆਨ ਕੀਤਾ।
ਆਪਣੀ ਯਾਤਰਾ ਦੌਰਾਨ ਭਾਈ ਧੰਨਾ ਸਿੰਘ ਚਹਿਲ 10 ਮਈ 1933 ਨੂੰ ਬਟਾਲਾ ਸ਼ਹਿਰ ਪਹੁੰਚੇ ਜਿਥੇ ਉਨ੍ਹਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਦਰਸ਼ਨ ਕੀਤੇ। ਇਸ ਦੀ ਤਸਵੀਰ ਲਈ ਅਤੇ ਆਪਣੀ ਡਾਇਰੀ ਵਿੱਚ ਗੁਰਦੁਆਰਾ ਸਾਹਿਬ ਦਾ ਹਾਲ ਬਿਆਨ ਕੀਤਾ। ਉਸ ਵਕਤ ਗੁਰਦੁਆਰਾ ਕੰਧ ਸਾਹਿਬ ਦੀ ਇਮਾਰਤ ਨਹੀਂ ਸੀ ਪਰ ਗੁਰੂ ਸਾਹਿਬ ਦੀ ਵਰਸੋਈ ਕੱਚੀ ਕੰਧ ਮੌਜੂਦ ਸੀ, ਉਸਦੇ ਦਰਸ਼ਨ ਕੀਤੇ ਅਤੇ ਤਸਵੀਰ ਲਈ। ਇਸ ਤੋਂ ਬਾਅਦ ਭਾਈ ਧੰਨਾ ਸਿੰਘ ਚਹਿਲ ਬਟਾਲਾ ਸ਼ਹਿਰ ਤੋਂ ਅੱਧਾ ਕੁ ਮੀਲ ਬਾਹਰ ਪੂਰਬ-ਦੱਖਣ ਵੱਲ ਜਾਂਦੇ ਹਨ ਅਤੇ ਉਥੇ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਦੇ ਦਰਸ਼ਨ ਕਰਦੇ ਹਨ। ਗੁਰਦੁਆਰਾ ਸਾਹਿਬ ਦੀ ਤਸਵੀਰ ਲੈਂਦੇ ਹਨ ਅਤੇ ਇਸ ਅਸਥਾਨ ਦਾ ਇਤਿਹਾਸ ਅਤੇ ਉਸ ਵਕਤ ਦਾ ਹਾਲ ਇਸ ਤਰਾਂ ਬਿਆਨ ਕਰਦੇ ਹਨ।
ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਜੋ ਸ਼ਹਿਰ ਤੋਂ ਚੜ੍ਹਦੇ ਕੀਤੇ ਦੱਖਣ ਦੀ ਗੁੱਠ ਵਿੱਚ ਅਧ ਮੀਲ ’ਤੇ ਹੈ ਜੋ ਅੱਜ ਕੱਲ ਬਾਬੇ ਨਾਨਕ ਦਾ ਮੜ ਕਰਕੇ ਮਸ਼ਹੂਰ ਹੈ। ਮੜ ਉਸ ਜਗ੍ਹਾ ਨੂੰ ਕਹਿੰਦੇ ਹਨ ਜਿਥੇ ਕੋਈ ਗੁਰੂ ਜਾਂ ਪੀਰ ਆ ਕੇ ਠਹਰਿਆ ਹੋਵੇ ਤੇ ਪਿਛੇ ਇੱਕ ਗੁਮਟ ਜੇਹਾ ਯਾਦਗਾਰ ਵਿੱਚ ਉਸਾਰਿਆ ਜਾਵੇ। ਭਾਈ ਧੰਨਾ ਸਿੰਘ ਚਹਿਲ ਲਿਖਦੇ ਹਨ ਕਿ ਇਹ ਜਗ੍ਹਾ ਅੱਜ-ਕੱਲ (ਉਸ ਸਮੇ ਸੰਨ 1933 ’ਚ) ਨਾਮੇ ਵੰਸ਼ੀਆਂ ਦੇ ਕਬਜ਼ੇ ਵਿੱਚ ਹੈ ਅਤੇ ਸ਼ਹਿਰ ਦੇ ਸਾਰੇ ਨਾਮੇ ਵੰਸ਼ੀ ਇਸਨੂੰ ਜਠੇਰੇ ਮੰਨਦੇ ਹਨ। ਇਸ ਅਸਥਾਨ ’ਤੇ ਇੱਕ ਬੋਹੜ ਦਾ ਦਰੱਖਤ ਖੜ੍ਹਾ ਹੈ।