ਬਰੇਂਪਟਨ ਸਥਿਤ ਵਿਸ਼ਵ ਪੰਜਾਬੀ ਭਵਨ ਵਿਖੇ “ਵਿਚਾਰ ਚਰਚਾ ਤੇ ਸਨਮਾਨ ਸਮਾਰੋਹ” ਦਾ ਆਯੋਜਨ ਕੀਤਾ ਗਿਆ।

“ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਬਾਰੇ ਸਮੀਖਿਆ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ “


ਬਰੇਂਪਟਨ 7 ਜੁਲਾਈ ( ਰਮਿੰਦਰ ਵਾਲੀਆ ) ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ — ਦੀ ਗੂੰਜ ਹਾਲੇ ਵੀ ਹਿਰਦਿਆਂ ਵਿੱਚ ਮੌਜੂਦ ਸੀ ਜਦੋਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ 4 ਜੁਲਾਈ ਨੂੰ ਬਰੇਂਪਟਨ ਸਥਿਤ ਵਿਸ਼ਵ ਪੰਜਾਬੀ ਭਵਨ ਵਿਖੇ “ਵਿਚਾਰ ਚਰਚਾ ਤੇ ਸਨਮਾਨ ਸਮਾਰੋਹ” ਦਾ ਆਯੋਜਨ ਕੀਤਾ ਗਿਆ।
ਇਹ ਸਮਾਰੋਹ ਕਾਨਫ਼ਰੰਸ ਵਿੱਚ ਸ਼ਿਰਕਤ ਕਰਨ ਵਾਲੀਆਂ ਤੇ ਸਾਹਿਤਕ ਯਤਨਾਂ ਦੀ ਪੇਸ਼ਕਸ਼ ਕਰਨ ਵਾਲੀਆਂ ਸ਼ਖ਼ਸੀਅਤਾਂ ਲਈ ਇਕ ਪ੍ਰੇਮ ਭਰੀ ਸਲਾਮੀ ਸੀ। ਡਾ. ਕਥੂਰੀਆ ਦੀ ਅਗਵਾਈ ਵਿੱਚ ਜਿਨ੍ਹਾਂ ਵਿਦਵਾਨਾਂ ਨੇ ਆਪਣੇ ਲੇਖਾਂ ਰਾਹੀਂ ਸੋਚ ਦੀ ਨਵੀਂ ਦਿਸ਼ਾ ਦਿੱਤੀ, ਉਹਨਾਂ ਨੂੰ ਸਨਮਾਨ ਚਿੰਨ, ਸਨਮਾਨ ਪੱਤਰ ਤੇ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ।


ਅਦਬੀ ਅਵਾਜ਼ਾਂ ਨੇ ਆਪਣੀਆਂ ਚਰਚਾਵਾਂ ਰਾਹੀਂ ਕਾਨਫ਼ਰੰਸ ਦੀ ਮਹਾਨਤਾ ਨੂੰ ਸਲਾਮ ਕੀਤਾ। ਇਹ ਕਿਹਾ ਗਿਆ ਕਿ ਇਹ ਸਮਾਗਮ ਇਕ ਖੁਸ਼ੀ ਅਤੇ ਤਸੱਲੀ ਭਰੇ ਮਾਹੌਲ ਵਿੱਚ ਹੋਇਆ — ਜਿੱਥੇ ਪ੍ਰੇਮ, ਸਨਮਾਨ, ਤੇ ਚਿੰਤਨ ਦਾ ਸੰਗਮ ਸੀ।
ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਰਾਜਵਿੰਦਰ ਕੌਰ ਹੁੰਦਲ, ਡਾ. ਗੁਰਮੀਤ ਸਿੰਘ, ਡਾ. ਪਰਗਟ ਸਿੰਘ ਬੱਗਾ, ਅਮਜਦ ਵੜੈਚ, ਵਰਿਆਮ ਸਿੰਘ ਸੰਧੂ, ਡਾ. ਤ੍ਰਿਲੋਕ ਸਿੰਘ ਆਦਿ ਸ਼ਾਮਲ ਸਨ। ਉਨ੍ਹਾਂ ਨਾਲ ਡਾ. ਗੁਰਨਾਮ ਸਿੰਘ ਹੁੰਦਲ, ਡਾ. ਨਵਜੋਤ ਕੌਰ, ਪ੍ਰੋ. ਕੁਲਜੀਤ ਕੌਰ, ਉਰਮਿਲ ਪ੍ਰਕਾਸ਼ ਵਰਗੀਆਂ ਅਦਬੀ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਚੇਅਰਪਰਸਨ ਰਮਿੰਦਰ ਰੰਮੀ ਵੱਲੋਂ ਡਾ. ਕਥੂਰੀਆ ਜੀ ਅਤੇ ਉਨ੍ਹਾਂ ਦੀ ਧਰਮਪਤਨੀ ਤਜਿੰਦਰ ਕੌਰ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਤਨ ,ਮਨ ਅਤੇ ਧਨ ਨਾਲ ਇਸ ਕਾਨਫਰੰਸ ਲਈ ਸੁਹਿਰਦ ਯਤਨ ਕੀਤੇ। ਡਾ . ਗੁਰਪ੍ਰੀਤ ਕੌਰ ਜੀ ਨੂੰ ਵੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਸਨਮਾਨ ਪੱਤਰ ਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ । ਬਹੁਤ ਅਦਬੀ ਸ਼ਖ਼ਸੀਅਤਾਂ ਨੇ ਇਹ ਕਿਹਾ ਕਿ ਸਾਨੂੰ ਰਮਿੰਦਰ ਰੰਮੀ ਜੀ ਨੇ ਇਸ ਸਭਾ ਵਿਚ ਤੇ ਕਾਨਫ਼ਰੰਸ ਵਿੱਚ ਆਉਣ ਦਾ ਨਿਉਤਾ ਦਿੱਤਾ ਸੀ ਤੇ ਇਕ ਦਰਵੇਸ਼ ਰੂਹ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਜੀ ਨਾਲ ਮਿਲਵਾਇਆ । ਅਸੀਂ ਬਹੁਤ ਵਡਭਾਗੀ ਹਾਂ ਕਿ ਸਾਨੂੰ ਕਾਨਫ਼ਰੰਸ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ । ਇਸ ਕਾਨਫਰੰਸ ਦੇ ਸਮੁੱਚੇ ਪ੍ਰਬੰਧਾਂ ਵਿੱਚ ਖਾਣ ਪੀਣ ਦਾ ਪ੍ਰਬੰਧ ਵੀ ਕਾਬਲੇ ਤਾਰੀਫ਼ ਸੀ ਜਿਸ ਲਈ ਸਭ ਨੇ ਕਥੂਰੀਆ ਸਾਹਿਬ ਦੀ ਦਰਿਆ ਦਿਲੀ ਦੀ ਸ਼ਲਾਘਾ ਕੀਤੀ।

Adv.
ਡਾ. ਇੰਦਰਜੀਤ ਸਿੰਘ ਬੱਲ ਵੱਲੋਂ ਧੰਨਵਾਦ ਅਤੇ ਡਾ. ਕਥੂਰੀਆ ਵੱਲੋਂ ਅਗਲੀ ਕਾਨਫ਼ਰੰਸ ਦੀ 20,21ਅਤੇ 22 ਜੂਨ 2026 ਦੀਆਂ ਮਿਤੀਆਂ ਦਾ ਐਲਾਨ ਕਰਕੇ ਸਭ ਨੂੰ ਹੋਰ ਵੀ ਉਤਸ਼ਾਹਿਤ ਕੀਤਾ।
ਪ੍ਰੀਤ ਹੀਰ ਨੇ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ। ਜਸਵਿੰਦਰ ਬਿੱਟਾ (ਪਰਾਈਮ ਏਸ਼ੀਆ) ਅਤੇ ਹਰਜੀਤ ਗਿੱਲ ਨੇ ਪ੍ਰੋਗਰਾਮ ਦੀ ਲਾਈਵ ਕਵਰੇਜ ਕਰਕੇ ਸਮਾਗਮ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਇਆ।

Adv.
ਅੰਤ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ ਇਹ ਸਮਾਗਮ ਪੰਜਾਬੀ ਸਾਹਿਤ ਦੀ ਅੰਤਰਰਾਸ਼ਟਰੀ ਰੂਹ ਨੂੰ ਮਨਾਉਣ ਵਾਲਾ ਇੱਕ ਇਤਿਹਾਸਕ ਮੋੜ ਸੀ — ਜਿੱਥੇ ਅਦਬ ਨੇ ਨਵੀਂ ਉਡਾਣ ਭਰੀ, ਸਨਮਾਨ ਨੇ ਹੌਸਲੇ ਵਧਾਏ, ਅਤੇ ਅਗਲੀ ਕਾਨਫਰੰਸ ਲਈ ਸ਼ੁਭਕਾਮਨਾਵਾਂ ਦੀ ਸਾਂਝ ਪਾਈ ਗਈ।

ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਰਪ੍ਰਸਤ
ਵਿਸ਼ਵ ਪੰਜਾਬੀ ਸਭਾ ਕੈਨੇਡਾ ।

Leave a Reply

Your email address will not be published. Required fields are marked *