ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 186ਵੀਂ ਬਰਸੀ ਅੱਜ ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਨਾਨਗਰ ਅਤੇ ਉਨ੍ਹਾਂ ਦੀ ਸ਼ਾਹੀ ਬਾਰਾਂਦਰੀ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ।

ਵਿਰਾਸਤੀ ਮੰਚ, ਬਟਾਲਾ ਨੇ ਦੀਨਾਨਗਰ ਦੀ ਸੰਗਤ ਦੇ ਸਹਿਯੋਗ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 186ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

 

ਢਾਡੀ ਜਥੇ ਅਤੇ ਵੱਖ-ਵੱਖ ਬੁਲਾਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਰੌਸ਼ਨੀ ਪਾਈ

ਦੀਨਾਨਗਰ/ਗੁਰਦਾਸਪੁਰ, ( ਅਮਰੀਕਸਿੰਘ ਮਠਾਰੂ ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 186ਵੀਂ ਬਰਸੀ ਅੱਜ ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਨਾਨਗਰ ਅਤੇ ਉਨ੍ਹਾਂ ਦੀ ਸ਼ਾਹੀ ਬਾਰਾਂਦਰੀ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਵਿਰਾਸਤੀ ਮੰਚ ਬਟਾਲਾ ਵੱਲੋਂ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਨਾਨਗਰ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਬਾਬਾ ਲਖਵਿੰਦਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਭੇਜੇ ਗਏ ਢਾਡੀ ਜਥੇ ਗਿਆਨੀ ਜਗਦੀਸ਼ ਸਿੰਘ ਵਡਾਲਾ ਦੇ ਜਥੇ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਪ੍ਰਸੰਗ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ।

ਇਸ ਮੌਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਰਾਸਤੀ ਮੰਚ, ਬਟਾਲਾ ਦੇ ਸਰਪ੍ਰਸਤ ਐਡਵੋਕੇਟ ਐੱਚ.ਐੱਸ. ਮਾਂਗਟ ਨੇ ਕਿਹਾ ਕਿ ਵਿਰਾਸਤੀ ਮੰਚ ਬਟਾਲਾ ਦਾ ਟੀਚਾ ਇਸ ਇਤਿਹਾਸਕ ਇਮਾਰਤ ਨੂੰ ਮੁੜ ਸੁਰਜੀਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਆਪਣੇ ਕੌਮੀ ਨਾਇਕਾਂ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣਾ ਸਾਡਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ ਅਤੇ ਇੱਕ ਵਿਸ਼ਾਲ ਖ਼ਿੱਤੇ ਉੱਪਰ ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਰਾਜ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਦੀ ਮੁਰੰਮਤ ਕਰਕੇ ਇਸ ਦੀ ਸ਼ਾਨ ਨੂੰ ਮੁੜ ਬਹਾਲ ਕਰਨਾ ਚਾਹੀਦਾ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਗੁਰਵਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਵਿਰਾਸਤੀ ਇਮਾਰਤਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਦਾ ਸਾਂਝਾ ਰਾਜ ਸੀ ਅਤੇ ਏਹੀ ਕਾਰਨ ਹੈ ਕਿ ਉਸਦੇ ਹਲੀਮੀ ਰਾਜ ਦੀਆਂ ਅੱਜ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਵਿਰਾਸਤੀ ਮੰਚ ਬਟਾਲਾ ਅਤੇ ਦੀਨਾਨਗਰ ਇਲਾਕੇ ਦੀਆਂ ਸੰਗਤਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਧੰਨਵਾਦ ਕੀਤਾ।

ਇਸ ਦੌਰਾਨ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਬਾੜਾ ਨੇ ਕਿਹਾ ਕਿ ਆਪਣੇ ਇਤਿਹਾਸ ਤੇ ਮਹਾਨ ਨਾਇਕਾਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਹੀ ਕਾਇਮ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਦੇਸ਼ ਤੇ ਕੌਮ ਦਾ ਮਾਣ ਹਨ ਅਤੇ ਉਨ੍ਹਾਂ ਦੇ ਰਾਜ ਨੇ ਪੂਰੀ ਦੁਨੀਆਂ ਵਿੱਚ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਦੀਨਾਨਗਰ ਸਥਿਤ ਸ਼ਾਹੀ ਬਾਰਾਂਦਰੀ ਦੀ ਸੰਭਾਲ ਲਈ ਸੰਗਤਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾਣਗੇ।

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਹਰਪੁਰਾ ਨੇ ਬੋਲਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਉਹ ਬਾਦਸ਼ਾਹ ਸਨ ਜਿਨ੍ਹਾਂ ਨੇ ਇਕੱਲੇ ਰਣ ਹੀ ਨਹੀਂ ਜਿੱਤੇ ਸਨ ਬਲਕਿ ਆਪਣੀਆਂ ਨੇਕੀਆਂ ਕਾਰਨ ਅਵਾਮ ਦਾ ਦਿਲ ਵੀ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਨਾਇਕ ਹਨ ਅਤੇ ਇਹੀ ਕਾਰਨ ਹੈ ਕਿ ਸ਼ੇਰ-ਏ-ਪੰਜਾਬ ਅੱਗੇ ਅੱਜ ਵੀ ਹਰ ਪੰਜਾਬੀ ਦਾ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਹਲੀਮੀ ਰਾਜ ਦੀਆਂ ਉਦਾਹਰਨਾਂ ਅੱਜ ਵੀ ਪੂਰੀ ਦੁਨੀਆਂ ਵਿੱਚ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਦੀਨਾਨਗਰ ਸਰਕਾਰ-ਏ-ਖ਼ਾਲਸਾ ਦੀ ਗਰਮੀਆਂ ਦੀ ਰਾਜਧਾਨੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਦਾ ਮੌਸਮ ਇੱਥੇ ਹੀ ਗੁਜ਼ਾਰਦੇ ਸਨ। ਉਨ੍ਹਾਂ ਕਿਹਾ ਕਿ ਅਕਾਲ ਚਲਾਣੇ ਤੋਂ ਇੱਕ ਸਾਲ ਪਹਿਲਾਂ ਵੀ ਸੰਨ 1838 ਦੇ ਮਈ-ਜੂਨ ਮਹੀਨਿਆਂ ਵਿੱਚ ਸ਼ੇਰ-ਏ-ਪੰਜਾਬ ਨੇ ਦੀਨਾਨਗਰ ਦੀ ਇਸ ਸ਼ਾਹੀ ਬਾਰਾਂਦਰੀ ਵਿੱਚ ਆਪਣਾ ਦਰਬਾਰ ਲਗਾਇਆ ਸੀ। ਇਸ ਬਾਰਾਂਦਰੀ ਵਿੱਚ ਹੀ ਅਫ਼ਗ਼ਾਨਿਸਤਾਨ ਦੀ ਤਖ਼ਤ ਨਸ਼ੀਨੀ ਬਾਰੇ ਤ੍ਰੈ-ਪੱਖੀ ਸੰਧੀ ਹੋਈ ਸੀ। ਇਸ ਤੋਂ ਇਲਾਵਾ ਕਸ਼ਮੀਰ ਫ਼ਤਿਹ ਕਰਨ ਦੀ ਵਿਉਂਤ ਸਮੇਤ ਹੋਰ ਵੀ ਕਈ ਅਹਿਮ ਫ਼ੈਸਲੇ ਇਸ ਥਾਂ ’ਤੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਦੀਨਾਨਗਰ ਦੀਆਂ ਇਨ੍ਹਾਂ ਯਾਦਗਾਰਾਂ ਦਾ ਵੱਡਾ ਸਥਾਨ ਹੈ ਅਤੇ ਇਨ੍ਹਾਂ ਗੌਰਵਮਈ ਨਿਸ਼ਾਨੀਆਂ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ।

ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਮਗਰਾਲਾ ਨੇ ਕਿਹਾ ਕਿ ਦੀਨਾਨਗਰ ਦੀਆਂ ਸੰਗਤਾਂ ਵੱਲੋਂ ਹਰ ਸਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰਾਸਤੀ ਇਮਾਰਤਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ ਅਤੇ ਇਸ ਲਈ ਵਿਰਾਸਤੀ ਮੰਚ ਨਾਲ ਮਿਲ ਕੇ ਲੋਕ-ਰਾਇ ਬਣਾਈ ਜਾਵੇਗੀ। ਉਨ੍ਹਾਂ ਵਿਰਾਸਤੀ ਮੰਚ ਬਟਾਲਾ ਦੇ ਇਨ੍ਹਾਂ ਉਪਰਾਲਿਆਂ ਦੀ ਸਰਾਹਨਾ ਕੀਤੀ।

Adv.

ਇਸ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੰਸਥਾ ਦੇ ਪ੍ਰਧਾਨ ਬਲਬੀਰ ਸਿੰਘ ਕੋਲਾ, ਜਥੇਦਾਰ ਕੇਵਲ ਸਿੰਘ ਕੰਗ, ਸਾਹਿਬਜੀਤ ਸਿੰਘ ਰੰਗੜ ਨੰਗਲ ਨੇ ਵੀ ਬੜੇ ਹੀ ਵਧੀਆ ਢੰਗ ਨਾਲ ਸ਼ੇਰੇ ਪੰਜਾਬ ਦੇ ਜੀਵਨ ਦੇ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਨਾਨਗਰ ਦੇ ਪ੍ਰਧਾਨ ਕੈਪਟਨ ਅਜੀਤ ਸਿੰਘ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।

Adv.

ਇਸ ਉਪਰੰਤ ਸਾਰੀਆਂ ਸੰਗਤਾਂ ਵੱਲੋਂ ਬਾਰਾਂਦਰੀ ਦੀਨਾਨਗਰ ਅਤੇ ਬਾਈਪਾਸ ਵਿਖੇ ਸਥਾਪਿਤ ਕੀਤੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਵਿਖੇ ਅਰਦਾਸ ਬੇਨਤੀ ਕੀਤੀ ਗਈ। ਇਸ ਦੌਰਾਨ ਗੁਰੂ ਕਾ ਲੰਗਰ ਅਤੇ ਛਬੀਲ ਅਤੁੱਟ ਵਰਤਾਈ ਗਈ।

ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਸੀਨੀਅਰ ਵਾਈਸ ਪ੍ਰਧਾਨ ਸ਼ਮਸ਼ੇਰ ਸਿੰਘ ਮੱਲ੍ਹੀ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ, ਪ੍ਰਿੰਸਪਾਲ ਸਿੰਘ ਚੱਠਾ, ਖ਼ਜ਼ਾਨਚੀ ਸੁਖਦੇਵ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਬਲਕਾਰ ਸਿੰਘ, ਬਲਵਿੰਦਰ ਸਿੰਘ ਪੰਜਗਰਾਈਆਂ, ਡਾ. ਰਵਿੰਦਰ ਸਿੰਘ ਮਠਾਰੂ, ਲੈਕਚਰਾਰ ਜਸਬੀਰ ਸਿੰਘ, ਸਤਿਬੀਰ ਸਿੰਘ ਢਿੱਲੋਂ, ਸਰਪੰਚ ਸਿਕੰਦਰ ਸਿੰਘ ਕਰਨਾਮਾ, ਸਰਪੰਚ ਕੇ.ਐੱਸ. ਢਿੱਲੋਂ ਢੰਡੇ. ਸੁਖਵਿੰਦਰ ਸਿੰਘ ਪਾਹੜਾ, ਕ੍ਰਿਪਾਲ ਸਿੰਘ, ਕੇਵਲ ਸਿੰਘ ਕੰਗ, ਡਾ. ਕੇਵਲ ਕ੍ਰਿਸ਼ਨ, ਬਲਬੀਰ ਸਿੰਘ ਬੈਂਸ, ਰਜਿੰਦਰਪਾਲ ਸਿੰਘ, ਗੁਰਨਾਮ ਸਿੰਘ ਛੀਨਾ, ਸੁਖਜਿੰਦਰ ਸਿੰਘ ਚੌਹਾਨ, ਪ੍ਰਿੰਸੀਪਲ ਜਸਕਰਨ ਸਿੰਘ, ਸਰਪੰਚ ਦਲਬੀਰ ਸਿੰਘ ਬਿੱਟੂ, ਮੈਨੇਜਰ ਹਰਜੀਤ ਸਿੰਘ, ਗੁਰਦੁਆਰਾ ਕਮੇਟੀ ਦੇ ਮੈਨੇਜਰ ਲਖਵਿੰਦਰ ਸਿੰਘ, ਕਰਮਜੀਤ ਕੌਰ, ਗੁਰਦੀਪ ਕੌਰ, ਚਰਨਜੀਤ ਕੌਰ, ਸ਼ਸ਼ੀਬਾਲਾ, ਬਲਵਿੰਦਰ ਸਿੰਘ ਸਿੱਧੂ, ਰਜਿੰਦਰ ਸਿੰਘ, ਤਰਸੇਮ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਕੌਰ, ਚਰਨਜੀਤ ਕੌਰ, ਹਰਦੀਪ ਸਿੰਘ, ਗੁਰਦੀਪ ਸਿੰਘ, ਪ੍ਰੇਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਵੀ ਹਾਜ਼ਰ ਸੀ।

Leave a Reply

Your email address will not be published. Required fields are marked *