ਕਲ਼ਮ ਤਹਿਰੀਰੇ ਆਂ ਖੂੰ ਫ਼ਿਸ਼ਾ,
ਵ ਦੀਦਹ ਗਿਰਿਆਂ,
ਵ ਦਿਲ ਬਿਰਿਯਾਂ,
ਵਾ ਜਾਨ ਹੈਰਾਂ ਮੇ ਬਾਸ਼ਦ।
– ਉਦਮਤ-ਤਵਾਰੀਖ਼
ਭਾਵ ਸ਼ਹੀਦਾਂ ਦੇ ਸਿਰਤਾਜ ਦੀ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹਦੋਂ ਵੱਧ ਧੀਰਜ ਅਤੇ ਸਹਿਣਸ਼ੀਲਤਾ ਦੀ ਮਿਸਾਲ ਹੈ। ਗੁਰੂ ਜੀ ਵਰਗੀ ਧੀਰਜ ਧਰਤੀ ਵਿੱਚ ਵੀ ਨਹੀਂ ਹੈ, ਸੰਸਾਰ ਦਾ ਕੋਈ ਜੀਵ ਜਾਂ ਨਿਰਜੀਵ ਗੁਰੂ ਜੀ ਦੀ ਬਰਾਬਰੀ ਨਹੀਂ ਕਰ ਸਕਦਾ। ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਰਗੀ ਦੁਨੀਆਂ ਵਿੱਚ ਕੋਈ ਹੋਰ ਮਿਸਾਲ ਨਹੀਂ ਹੈ।
ਅਸੀਂ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਸੱਚਮੁੱਚ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਗੁਰੂ ਸਾਹਿਬ ਦੀ ਸ਼ਹਾਦਤ ਦਾ ਉਹ ਦ੍ਰਿਸ਼ ਇੱਕ ਵਾਰ ਆਪਣੀਆਂ ਅੱਖਾਂ ਅੱਗੇ ਲਿਆ ਕੇ ਦੇਖਿਓ, ਤੁਹਾਨੂੰ ਅੱਜ ਵੀ ਉਸ ਤੱਤੀ ਤਵੀ ਦਾ ਸੇਕ ਮਹਿਸੂਸ ਹੋ ਜਾਵੇਗਾ।
ਸੰਨ 1606 ਦਾ ਸਮਾਂ ਸੀ। ਗੁਰੂ ਘਰ ਦੇ ਵਿਰੋਧੀਆਂ ਦੀ ਚਾਲਾਂ ਕਾਮਯਾਬ ਹੋ ਚੁੱਕੀਆਂ ਸਨ। ਮੁਤੱਸਬੀ ਮੁਗਲ ਬਾਦਸ਼ਾਹ ਜਹਾਂਗੀਰ ਤਾਂ ਪਹਿਲਾਂ ਹੀ ਗੁਰੂ ਸਾਹਿਬ ਨੂੰ ਆਨੇ-ਬਹਾਨੇ ਸਜ਼ਾ ਦੇਣ ਦੇ ਯਤਨਾਂ ਵਿੱਚ ਸੀ। ਹਕੂਮਤ ਨੇ ਗੁਰੂ ਸਾਹਿਬ ਉਪਰ ਵਿਦਰੋਹੀ ਸ਼ਹਿਜ਼ਾਦਾ ਖੁਸਰੋ ਦੀ ਮਦਦ ਕਰਨ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ਨੂੰ ਲਾਹੌਰ ਪੇਸ਼ ਹੋਣ ਲਈ ਕਿਹਾ। ਗੁਰੂ ਜੀ ਜਦੋਂ ਲਾਹੌਰ ਪਹੁੰਚੇ ਤਾਂ ਉਨ੍ਹਾਂ ਉੱਪਰ ਹੋਰ ਵੀ ਕਈ ਇਲਜ਼ਾਮ ਲਗਾਏ ਗਏ। ਗੁਰੂ ਜੀ ਸਾਹਮਣੇ ਦੋ ਰਸਤੇ ਪੇਸ਼ ਕੀਤੇ ਗਏ। ਗੁਰੂ ਜੀ ਨੇ ਹਰ ਦੋਰਾਹੇ ’ਤੇ ਸਹੀ ਕਠਨ ਰਸਤਾ ਹੀ ਚੁਣਿਆ। ਇੱਕ ਪਾਸੇ ਚੰਦੂ ਦੀ ਈਰਖਾ ਸੀ, ਦੂਜੇ ਪਾਸੇ ਸੰਗਤ ਦਾ ਹੁਕਮ। ਇੱਕ ਪਾਸੇ ਤੱਤੀਆਂ ਤਵੀਆਂ ਦਿਸਦੀਆਂ ਸਨ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਸੀ। ਜਹਾਂਗੀਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਿਮ ਧਰਮ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਆਖਿਆ ਪਰ ਗੁਰੂ ਜੀ ਨੇ ਸ਼ਹਾਦਤ ਵਾਲਾ ਰਸਤਾ ਹੀ ਠੀਕ ਸਮਝਿਆ।
ਆਖਰਕਾਰ ਜਹਾਂਗੀਰ ਨੇ ਗੁਰੂ ਨੂੰ ਲਾਹੌਰ ਦੇ ਹਾਕਮ ਮੁਰਤਜ਼ਾ ਖਾਨ ਦੇ ਹਵਾਲੇ ਕਰਕੇ ‘ਬ ਯਾਸਾ ਰਸਾਨਦ’ ਭਾਵ ਅੱਗ ਤੇ ਪਾਣੀ ਦੀ ਸਜ਼ਾ ਦੇਣ ਦਾ ਹੁਕਮ ਜਾਰੀ ਕੀਤਾ। ਮੁਰਤਜ਼ਾ ਖਾਨ ਨੇ ਇਸ ਨਿਰਦਈ ਕੰਮ ਲਈ ਦੀਵਾਨ ਚੰਦੂ ਨੂੰ ਲਗਾਇਆ ਤਾਂ ਜੋ ਘਰੋਗੀ ਵਿਰੋਧੀ ਹੋਣ ਕਾਰਨ ਚੰਦੂ ਦੇ ਹਿਰਦੇ ਵਿੱਚ ਤਸੀਹੇ ਦੇਣ ਤੋਂ ਸੰਕੋਚ ਪੈਦਾ ਨਾ ਹੋਵੇ। ਚੰਦੂ ਨੇ ਵੀ ਅੱਗੋਂ ਤਸੀਹੇ ਦੇਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ।
ਜੇਠ ਮਹੀਨੇ ਅੱਤ ਦੀ ਗਰਮੀ ਸੀ। ਚੰਦੂ ਨੇ ਗੁਰੂ ਜੀ ਨੂੰ ਤਸੀਹੇ ਦੇਣ ਦਾ ਸਿਲਸਲਾ ਸ਼ੁਰੂ ਕੀਤਾ। ਪਹਿਲੇ ਦਿਨ ਗੁਰੂ ਜੀ ਨੂੰ ਅੰਨ-ਪਾਣੀ ਕੁਝ ਨਾ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸੌਣ ਦਿੱਤਾ, ਪਰ ਨਾਮ ਦੇ ਆਸਰੇ ਜਿਊਣ ਵਾਲੇ ਗੁਰੂ ਜੀ ਕਰਤਾਰ ਦੇ ਧਿਆਨ ਵਿੱਚ ਮਗਨ ਰਹੇ। ਦੂਜੇ ਦਿਨ ਉਨ੍ਹਾਂ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾਇਆ ਗਿਆ ਤੇ ਹੇਠਾਂ ਹੋਰ ਅੱਗ ਬਾਲੀ ਗਈ। ਫੇਰ ਉਬਲਦੇ ਪਾਣੀ ਨਾਲ ਹੋਰ ਵੀ ਕੋਮਲ ਹੋ ਚੁਕੇ ਆਪ ਦੇ ਕੋਮਲ ਸਰੀਰ ਉੱਪਰ ਭਠਿਆਰੇ ਕੋਲੋਂ ਤੱਤੀ ਰੇਤ ਪਵਾਈ ਗਈ। ਤੀਜੇ ਦਿਨ ਆਪ ਜੀ ਨੂੰ ਤੱਤੀ ਤਵੀ ਉੱਪਰ ਬਿਠਾ ਕੇ ਹੇਠਾਂ ਅੱਗ ਬਲਦੀ ਰੱਖੀ ਗਈ ਤੇ ਉੱਪਰੋਂ ਫਿਰ ਤੱਤੀ ਭੱਖਦੀ ਰੇਤ ਸਰੀਰ ’ਤੇ ਪਾਈ ਗਈ। ਇਨ੍ਹਾਂ ਕਸ਼ਟਾਂ ਦੇ ਕਾਰਨ ਗੁਰੂ ਸਾਹਿਬ ਦਾ ਸਰੀਰ ਛਾਲੇ-ਛਾਲੇ ਹੋ ਗਿਆ ਪਰ ਉਨ੍ਹਾਂ ਨੇ ‘ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ’ ਦੀ ਧੁਨੀ ਜਾਰੀ ਰੱਖੀ।
ਇਸੇ ਦੌਰਾਨ ਸਾਈਂ ਮੀਆਂ ਮੀਰ ਜੀ ਨੇ ਵਿੱਚ ਪੈ ਕੇ ਝਗੜਾ ਮੁਕਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮਨਾ ਕਰ ਦਿੱਤਾ। ਗੁਰੂ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਵੀ ਵਾਹਿਗੁਰੂ ਦੇ ਹੁਕਮ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਅਤੇ ਫ਼ਰਮਾਇਆ :
“ਕੀ ਹੋਇਆ ਜੇ ਤਨ ਤਪ ਰਿਹਾ ਹੈ? ਸਾਈਂ ਦੇ ਪਿਆਰਿਆਂ ਨੂੰ ਭਾਣੇ ਵਿੱਚ ਹੀ ਰਸ ਮਾਣਨਾ ਚਾਹੀਦਾ ਹੈ। ਦੁੱਖ ਰਤਾ ਵੀ ਨਹੀਂ ਸੀ। ਸਰੀਰ ਤੇ ਸੰਸਾਰ ਝੂਠਾ ਹੈ। ਆਤਮਾ ਨਿਰਲੇਪ ਹੈ”।
ਪੰਜ ਦਿਨ ਸਖਤ ਤਸੀਹੇ ਦਿੱਤੇ ਜਾਂਦੇ ਰਹੇ। ਆਖਰ ਜਲਾਦਾਂ ਇਹ ਵਿਚਾਰਿਆ ਕਿ ਜੇ ਸਰੀਰ ਉੱਪਰ ਠੰਡਾ ਪਾਣੀ ਪਾਇਆ ਜਾਵੇ ਤਾਂ ਹੋਰ ਤਕਲੀਫ਼ ਹੋਵੇਗੀ। ਆਖਰ ਆਪਣੇ ਭੈੜੇ ਇਰਾਦੇ ਪੂਰੇ ਕਰਨ ਲਈ ਜਲਾਦਾਂ ਨੇ ਜੇਠ ਸੁਦੀ ਚੌਥ 1663 (30 ਮਈ 1606) ਨੂੰ ਛੇਵੇਂ ਦਿਨ ਗੁਰੂ ਜੀ ਨੂੰ ਰਾਵੀ ਦਰਿਆ ਦੇ ਕਿਨਾਰੇ ਲੈ ਆਂਦਾ। ਗੁਰੂ ਜੀ ਨੂੰ ਜਦੋਂ ਰਾਵੀ ਦਰਿਆ ਵਿੱਚ ਉਤਾਰਿਆ ਗਿਆ ਤਾਂ ਰਾਵੀ ਦਰਿਆਂ ਦੀ ਤੇਜ਼ ਲਹਿਰਾਂ ਵਿੱਚ ਗੁਰੂ ਜੀ ਨੇ ਅਜਿਹੀ ਚੁੱਬੀ ਲਗਾਈ ਕਿ ਉਹ ਸਦਾ ਲਈ ਅਕਾਲ ਪੁਰਖ ਵਿੱਚ ਅਭੇਦ ਹੋ ਗਏ। ਗੁਰੂ ਜੀ ਸ਼ਹੀਦ ਹੋ ਕੇ ਸ਼ਹੀਦਾਂ ਦੇ ਸਿਰਤਾਜ ਬਣ ਚੁੱਕੇ ਸਨ।
ਗੁਰੂ ਸਾਹਿਬ ਦੀ ਸ਼ਹਾਦਤ ਨੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਗੁਰੂ ਜੀ ਨੇ ਆਪਣੀ ਲਾਸਾਨੀ ਕੁਰਬਾਨੀ ਰਾਹੀਂ ਜਿਥੇ ਰੱਬੀ ਸਹਿਹੋਂਦ ਦੇ ਸਿਧਾਂਤ ਦੀ ਸਥਾਪਤੀ ਕੀਤੀ ਓਥੇ ਭਾਰਤੀ ਸੰਸਕ੍ਰਿਤੀ ਨੂੰ ਹਮੇਸ਼ਾਂ ਲਈ ਮਿਟਣ ਤੋਂ ਰੋਕ ਕੇ ਸਦੀਵੀ ਨਿਰੰਤਤਰਤਾ ਪ੍ਰਦਾਨ ਕੀਤੀ। ਗੁਰੂ ਅਰਜਨ ਦੇਵ ਜੀ ਜਿਥੇ ਸਿੱਖ ਧਰਮ ਵਿੱਚ ਪਹਿਲੇ ਅਦੱਤੀ ਸ਼ਹੀਦ ਹਨ ਅਤੇ ਸਮੁੱਚੀ ਲੋਕਾਈ ਲਈ ਧਾਰਮਿਕ ਅਜ਼ਾਦੀ ਅਤੇ ਏਕਾਕੇਂਦ੍ਰਿਤ ਸਿਧਾਂਤ ਦੀ ਵਿਰੋਧਤਾ ਲਈ ਪ੍ਰੇਰਨਾ ਸਰੋਤ ਹਨ, ਜਿਸ ਦੇ ਅਪਣਾਉਣ ਨਾਲ ਸੰਸਾਰਿਕ ਅਮਨ ਅਤੇ ਖੁਸ਼ਹਾਲੀ ਸਦੀਵੀ ਤੌਰ ’ਤੇ ਸਥਾਪਤ ਹੁੰਦੀ ਹੈ। ਅਜੋਕੇ ਸਮੇਂ ਵਿੱਚ ਗੁਰੂ ਸਾਹਿਬ ਵਲੋਂ ਦਿੱਤੇ ਸਿਧਾਂਤ, ਧਾਰਮਿਕ ਸਹਿਣਸ਼ੀਲਤਾ, ਸਮਾਨਤਾ ਅਤੇ ਆਪਸੀ ਭਾਈਚਾਰੇ ਨੂੰ ਅਪਨਾਉਣ ਦੀ ਸਖਤ ਜ਼ਰੂਰਤ ਹੈ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਉਨ੍ਹਾਂ ਦੀ ਆਪਣੀ ਸ਼ਖਸੀਅਤ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ, ਖੁਸਰੋ ਦਾ ਸੁਭਾਵਕ ਆਦਰ ਕਰਨ ਅਤੇ ਜਹਾਂਗੀਰ ਦੀ ਤੰਗਦਿਲੀ ਅਤੇ ਤੁਅੱਸਬ ਕਾਰਨ ਸ਼ਹਾਦਤ ਦਾ ਪਿਆਲਾ ਪੀਣਾ ਪਿਆ। ਗੁਰੂ ਸਾਹਿਬ ਦੀ ਸ਼ਹਾਦਤ ਮਾਨਵ ਹਿੱਤਾਂ ਦੀ ਰਾਖੀ ਲਈ ਸਦਾ ਇੱਕ ਚਾਨਣ ਮੁਨਾਰੇ ਦੇ ਤੌਰ ’ਤੇ ਸਚਾਈ ਦੇ ਰਾਹ ’ਤੇ ਚੱਲਣ ਲਈ ਹਮੇਸ਼ਾਂ ਪ੍ਰੇਰਦੀ ਰਹੇਗੀ।
– ਇੰਦਰਜੀਤ ਸਿੰਘ ਹਰਪੁਰਾ
ਬਟਾਲਾ (ਗੁਰਦਾਸਪੁਰ)
ਪੰਜਾਬ।
9815577574



