ਮਾਧੋ ਜੇਠਾ ਤੋਂ ਮਜੀਠਾ ਤੱਕ
ਪੰਜਾਬ ਦੇ ਇਤਿਹਾਸ ਤੇ ਰਾਜਨੀਤੀ ਵਿੱਚ ਖਾਸ ਥਾਂ ਰੱਖਦਾ ਹੈ `ਮਜੀਠਾ`
ਮਾਝੇ ਦਾ ਪ੍ਰਮੁੱਖ ਨਗਰ ਮਜੀਠਾ ਪੰਜਾਬ ਦੇ ਇਤਿਹਾਸ ਤੇ ਰਾਜਨੀਤੀ ਵਿੱਚ ਆਪਣੀ ਖਾਸ ਥਾਂ ਰੱਖਦਾ ਹੈ। ਮੁਗਲ ਕਾਲ ਸਮੇਂ ਸ਼ੇਰਗਿੱਲ ਕਬੀਲੇ ਦੇ ਮਾਧੋ ਨਾਮ ਦੇ ਜੱਟ ਨੇ ਇਸ ਨਗਰ ਨੂੰ ਵਸਾਇਆ ਸੀ। ਸ਼ੁਰੂਆਤੀ ਸਮੇਂ ਇਹ ਚਾਰ-ਪੰਜ ਘਰਾਂ ਦਾ ਇੱਕ ਛੋਟਾ ਜਿਹਾ ਪਿੰਡ ਸੀ ਜੋ ਬਾਅਦ ਵਿੱਚ ਵੱਧਦਾ ਗਿਆ। ਇਸ ਪਿੰਡ ਨੂੰ ਮਾਧੋ ਨੇ ਵਸਾਇਆ ਸੀ ਅਤੇ ਉਹ ਆਪਣੇ ਭੈਣ-ਭਰਾਵਾਂ ਵਿਚੋਂ ਵੱਡਾ ਹੋਣ ਕਾਰਨ ਜੇਠਾ ਪੁੱਤ ਸੀ। ਇਸੇ ਕਾਰਨ ਇਸ ਪਿੰਡ ਨੂੰ ਮਾਧੋ ਜੇਠਾ ਦੇ ਨਾਮ ਨਾਲ ਬੁਲਾਇਆ ਜਾਣ ਲੱਗਾ।
ਅੰਮ੍ਰਿਤਸਰ ਸ਼ਹਿਰ ਨਾਲੋਂ ਵੀ ਪੁਰਾਣੇ ਇਸ ਨਗਰ ਦਾ ਦਾ ਨਾਮ ਹੌਲੀ-ਹੌਲੀ ਮਾਧੋ ਜੇਠਾ ਤੋਂ ਮਜੀਠਾ ਬਣ ਗਿਆ ਅਤੇ ਸਿੱਖ ਰਾਜ ਤੋਂ ਲੈ ਕੇ ਅੱਜ ਤੱਕ ਇਸ ਨਗਰ ਦਾ ਸੂਬੇ ਦੇ ਇਤਿਹਾਸ ਵਿੱਚ ਬਹੁਤ ਖਾਸ ਥਾਂ ਹੈ।
ਇਸ ਕਸਬੇ ਨਾਲ ਸਬੰਧਤ ਪ੍ਰਸਿੱਧ ਸਰਦਾਰ ਜਰਨੈਲਾਂ ਦੇ ਤਿੰਨ ਪ੍ਰਮੁੱਖ ਸ਼ੇਰਗਿੱਲ ਘਰਾਣੇ ਇੱਜਤ ਸਿੰਘ ਮਜੀਠੀਆ, ਸਰਦਾਰ ਨੌਧ ਸਿੰਘ ਮਜੀਠੀਆ ਅਤੇ ਸਰਦਾਰ ਮਾਹਣਾ ਸਿੰਘ ਮਜੀਠੀਆ ਹੋਏ ਹਨ ਅਤੇ ਮਜੀਠਾ ਦੇ ਸਾਰੇ ਹੀ ਸਰਦਾਰ ਇਨ੍ਹਾਂ ਵਿਚੋਂ ਹੀ ਹਨ। ਅਜੋਕੀ ਰਾਜਨੀਤੀ ਵਿੱਚ ਵਿਸ਼ੇਸ਼ ਥਾਂ ਰੱਖਦੇ ਬਿਕਰਮ ਸਿੰਘ ਮਜੀਠੀਆ ਵੀ ਇਨ੍ਹਾਂ ਤਿੰਨਾਂ ਸਰਦਾਰ ਘਰਾਣਿਆਂ ਵਿਚੋਂ ਸਰਦਾਰ ਇੱਜਤ ਸਿੰਘ ਮਜੀਠੀਆ ਦੇ ਘਰਾਣੇ ਨਾਲ ਸਬੰਧਤ ਹਨ।
ਸਿੱਖ ਮਿਸਲਾਂ ਦੇ ਦੌਰ ਅਤੇ ਸਰਕਾਰ ਖ਼ਾਲਸਾ ਜੀ ਦੇ ਰਾਜ ਦੌਰਾਨ ਵੀ ਮਜੀਠਾ ਨਗਰ ਦੀ ਪੂਰੀ ਚੜ੍ਹਤ ਰਹੀ ਹੈ। ਰਾਜਾ ਸੂਰਤ ਸਿੰਘ ਮਜੀਠੀਆ, ਸਰਦਾਰ ਦੇਸਾ ਸਿੰਘ ਮਜੀਠੀਆ, ਸਰਦਾਰ ਲਹਿਣਾ ਸਿੰਘ ਮਜੀਠੀਆ, ਸਰਦਾਰ ਦਿਆਲ ਸਿੰਘ ਮਜੀਠੀਆ, ਸਰਦਾਰ ਸੁੰਦਰ ਸਿੰਘ ਮਜੀਠੀਆ ਪ੍ਰਮੁੱਖ ਨਾਮ ਹਨ ਜਿਨ੍ਹਾਂ ਦਾ ਇਤਿਹਾਸ ਵਿੱਚ ਵਾਰ-ਵਾਰ ਜਿਕਰ ਆਉਂਦਾ ਹੈ।
ਆਧੁਨਿਕਤਾ ਦੇ ਦੌਰ ਵਿੱਚ ਮਜੀਠਾ ਸ਼ਹਿਰ ਦਾ ਮੁਹਾਂਦਰਾ ਵੀ ਬਦਲ ਗਿਆ ਹੈ। ਇਸ ਸ਼ਹਿਰ ਵਿਚੋਂ ਵੀ ਸਿੱਖ ਰਾਜ ਤੇ ਇਤਿਹਾਸ ਨਾਲ ਸਬੰਧਤ ਨਿਸ਼ਾਨੀਆਂ ਲਗਭਗ ਖਤਮ ਹੋਣ ਦੇ ਕੰਢੇ ਹਨ ਬੱਸ ਦੋ ਸਮਾਧਾਂ, ਮਜੀਠੇ ਦੇ ਪੁਰਾਣੇ ਕਿਲ੍ਹੇ ਦੀਆਂ ਅਤੇ ਸਿੱਖ ਰਾਜ ਸਮੇਂ ਦੇ ਇੱਕ ਤਲਾਬ ਦੀਆਂ ਕੁਝ ਨਿਸ਼ਾਨੀਆਂ ਹੀ ਇਤਿਹਾਸ ਦੀਆਂ ਬਾਤਾਂ ਪਾਉਣ ਨੂੰ ਬਚੀਆਂ ਹਨ।
ਮਜੀਠਾ ਨਗਰ ਦੇ ਦੱਖਣ ਪਾਸੇ ਸ. ਜੋਧ ਸਿੰਘ ਸਮਰਾ ਦੀ ਰਿਹਾਇਸ਼ ਦੇ ਨਜ਼ਦੀਕ ਮਜੀਠੀਏ ਸਰਦਾਰਾਂ ਦੀਆਂ ਦੋ ਸਮਾਧਾਂ ਹਨ। ਇਨ੍ਹਾਂ ਵਿਚੋਂ ਵੱਡੀ ਸਮਾਧ ਰਾਜਾ ਸੂਰਤ ਸਿੰਘ ਮਜੀਠੀਆ ਦੀ ਹੈ ਜੋ ਕਿ ਮਜੂਦਾ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਦੇ ਪੜਦਾਦੇ ਸਰਦਾਰ ਸੁੰਦਰ ਸਿੰਘ ਮਜੀਠੀਏ ਦੇ ਪਿਤਾ ਸਨ। ਰਾਜਾ ਸੂਰਤ ਸਿੰਘ ਮਜੀਠੀਆ ਨੇ ਸੰਨ 1881 ਵਿੱਚ ਅਕਾਲ ਚਲਾਣਾ ਕੀਤਾ ਸੀ ਅਤੇ ਉਨ੍ਹਾਂ ਦੀ ਸਮਾਧ ਮਜੀਠਾ ਵਿਖੇ ਬਣਾਈ ਗਈ ਸੀ। ਰਾਜਾ ਸੂਰਤ ਸਿੰਘ ਮਜੀਠੀਆ ਸਰਕਾਰ ਖ਼ਾਲਸਾ ਜੀ ਦੇ ਰਾਜ ਦੌਰਾਨ ਪਿਸ਼ਾਵਰ ਅਤੇ ਨੌਸ਼ਿਹਰੇ ਦੇ ਗਵਰਨਰ ਰਹੇ ਸਨ। ਸਿੱਖ ਰਾਜ ਦੌਰਾਨ ਇਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸਦੇ ਨਾਲ ਹੀ ਇੱਕ ਹੋਰ ਦੂਸਰੀ ਸਮਾਧ ਸਰਦਾਰ ਕਾਹਨ ਸਿੰਘ ਮਜੀਠੀਆ ਦੀ ਹੈ। ਸਰਦਾਰ ਕਾਹਨ ਸਿੰਘ ਮਜੀਠੀਆ ਦੀ ਮੌਤ ਸੰਨ 1858 ਵਿੱਚ ਹੋਈ ਸੀ। ਸਰਦਾਰ ਕਾਹਨ ਸਿੰਘ ਮਜੀਠੀਆ ਵੀ ਲਾਹੌਰ ਦਰਬਾਰ ਦੇ ਪ੍ਰਮੁੱਖ ਸਰਦਾਰ ਸਨ ਅਤੇ ਖ਼ਾਲਸਾ ਫ਼ੌਜ ਵਿੱਚ ਇਨ੍ਹਾਂ ਦੀਆਂ ਸੇਵਾਵਾਂ ਵੀ ਬਹੁਤ ਸ਼ਾਨਾਮੱਤੀਆਂ ਰਹੀਆਂ ਹਨ। ਸਰਦਾਰ ਕਾਹਨ ਸਿੰਘ ਮਜੀਠੀਆ ਕੋਲ ਹਾਥੀ ਹੁੰਦੇ ਸਨ ਅਤੇ ਮਜੀਠਾ ਦੇ ਦੱਖਣ ਪਾਸੇ ਉਹ ਇੱਕ ਬਾਗ ਵਿੱਚ ਹਾਥੀ ਜੋਤ ਕੇ ਖੂਹ ਵਿਚੋਂ ਪਾਣੀ ਕੱਢਦੇ ਸਨ ਜਿਸ ਕਾਰਨ ਇਸ ਬਾਗ ਨੂੰ ਹਾਥੀ ਵਾਲਾ ਬਾਗ ਕਿਹਾ ਜਾਣ ਲੱਗਾ।
ਸਰਕਾਰ ਖ਼ਾਲਸਾ ਦੇ ਇਨ੍ਹਾਂ ਦੋਵਾਂ ਪ੍ਰਮੁੱਖ ਸਰਦਾਰਾਂ ਦੀਆਂ ਸਮਾਧਾਂ ਅੱਜ ਬੇਰੁੱਖੀ ਦਾ ਸ਼ਿਕਾਰ ਹਨ। ਸੰਭਾਲ ਨਾ ਹੋਣ ਕਾਰਨ ਇਹ ਸਮਾਧਾਂ ਖੰਡਰ ਬਣਦੀਆਂ ਜਾ ਰਹੀਆਂ ਹਨ। ਲੋੜ ਹੈ ਇਨ੍ਹਾਂ ਸਮਾਧਾਂ ਵਿੱਚ ਉਚੇਚਾ ਧਿਆਨ ਦੇਣ ਦੀ ਤਾਂ ਜੋ ਮਜੀਠੀਏ ਸਰਦਾਰਾਂ ਦੀਆਂ ਇਹ ਨਿਸ਼ਾਨੀਆਂ ਕਾਇਮ ਰਹਿ ਸਕਣ।
ਮਜੀਠਾ ਸ਼ਹਿਰ ਦੇ ਉੱਤਰ-ਪੱਛਮ ਇਲਾਕੇ ਵੱਲ ਕੁਝ ਹੋਰ ਇਤਿਹਾਸਕ ਧਰੋਹਰਾਂ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਨਿਸ਼ਾਨੀਆਂ ਵਿਚ ਇੱਕ ਸਰਦਾਰ ਲਹਿਣਾ ਸਿੰਘ ਮਜੀਠੀਆ ਦਾ ਕਿਲ੍ਹਾ ਹੈ। ਇਹ ਕਿਲ੍ਹਾ ਤਾਂ ਭਾਵੇਂ ਹੁਣ ਨਹੀਂ ਰਿਹਾ ਪਰ ਕਿਲ੍ਹੇ ਦੀਆਂ ਨੀਂਹਾਂ ਅਤੇ ਨਾਨਕਸ਼ਾਹੀ ਇੱਟਾਂ ਦੇ ਢੇਰ ਅੱਜ ਵੀ ਦੇਖੇ ਜਾ ਸਕਦੇ ਹਨ। ਇੱਕ ਉੱਚੇ ਟਿੱਬੇ `ਤੇ ਬਣੇ ਇਸ ਕਿਲ੍ਹੇ ਦੇ ਆਲੇ-ਦੁਆਲੇ ਇੱਕ ਡੂੰਘੀ ਖਾਈ ਬਣਾਈ ਗਈ ਸੀ ਜੋ ਅੱਜ ਵੀ ਮੌਜੂਦ ਹੈ। ਇਸ ਖਾਈ ਵਿੱਚ ਬਾਦਸ਼ਾਹੀ ਨਹਿਰ ਦਾ ਪਾਣੀ ਛੱਡਿਆ ਜਾਂਦਾ ਸੀ। ਸਰਦਾਰ ਲਹਿਣਾ ਸਿੰਘ ਮਜੀਠੀਆ ਤੋਂ ਬਾਅਦ ਇਸ ਕਿਲ੍ਹੇ ਨੂੰ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਕਿਲ੍ਹਾ ਵੀ ਕਿਹਾ ਜਾਂਦਾ ਰਿਹਾ ਹੈ।
ਇਸ ਕਿਲ੍ਹੇ ਦੇ ਨਾਲ ਹੀ ਇੱਕ ਬਹੁਤ ਵੱਡਾ ਤੇ ਖੂਬਸੂਰਤ ਤਲਾਬ ਸਰਦਾਰ ਲਹਿਣਾ ਸਿੰਘ ਮਜੀਠੀਆ ਵੱਲੋਂ ਬਣਾਇਆ ਗਿਆ ਸੀ। ਬਾਦਸ਼ਾਹੀ ਨਹਿਰ ਜਿਸਨੂੰ ਬਾਅਦ ਵਿੱਚ ਸਿੱਖਾਂ ਵਾਲੀ ਨਹਿਰ ਵੀ ਕਿਹਾ ਜਾਂਦਾ ਰਿਹਾ ਹੈ ਦੇ ਪਾਣੀ ਨਾਲ ਇਸ ਤਲਾਬ ਨੂੰ ਭਰਿਆ ਜਾਂਦਾ ਸੀ। ਇਸ ਤਲਾਬ ਦੀਆਂ ਖੂਬਸੂਰਤ ਪੌੜੀਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ।
ਇਸ ਤੋਂ ਇਲਾਵਾ ਮਜੀਠਾ ਸ਼ਹਿਰ ਵਿੱਚ ਅੱਜ ਵੀ ਕੁਝ ਪੁਰਾਤਨ ਇਤਿਹਾਸਕ ਇਮਾਰਤਾਂ ਦੇ ਖੰਡਰ ਦੇਖੇ ਜਾ ਸਕਦੇ ਹਨ। ਹਾਥੀ ਬਾਗ ਵਾਲੇ ਪਾਸੇ ਪੁਰਾਤਾਨ ਮੰਦਰ ਅਤੇ ਉਸਦੇ ਨਾਲ ਵੱਡਾ ਤਲਾਬ ਅੱਜ ਵੀ ਮੌਜੂਦ ਹੈ।
ਮਜੀਠਾ ਸ਼ਹਿਰ ਅੱਜ ਵੀ ਆਪਣੇ ਅੰਦਰ ਵੱਡੇ ਇਤਿਹਾਸ ਨੂੰ ਸਮੋਈ ਬੈਠਾ ਹੈ। ਮਾਧੋ ਜੇਠਾ ਦੇ ਵਸਾਏ ਇਸ ਨਗਰ ਮਜੀਠਾ ਦੇ ਸ਼ਾਨਾਮੱਤੇ ਇਤਿਹਾਸ ਨੂੰ ਸੰਭਾਲਣ ਲਈ ਮਜੀਠਾ ਨਗਰ ਦੇ ਵਸਨੀਕਾਂ ਦੇ ਨਾਲ ਮਜੀਠੀਆ ਸਰਦਾਰਾਂ ਦੇ ਘਰਾਣਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਮਜੀਠੀਏ ਸਰਦਾਰਾਂ ਦੀ ਵਿਰਾਸਤ ਨੂੰ ਦੇਖ ਸਕਣ।
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
98155-77574









