ਖੰਡਰਾਤ ਬਤਾਤੇ ਹੈਂ ਕਿ ਇਮਾਰਤ ਅਜ਼ੀਮ ਥੀ….
ਇਤਿਹਾਸ ਵਿੱਚ ਵੱਡਾ ਸਥਾਨ ਰੱਖਦਾ ਹੈ ਜਸਰੋਟੇ ਦਾ ਕਿਲ੍ਹਾ
ਜਦੋਂ ਅਸੀਂ ਮਾਧੋਪੁਰ ਤੋਂ ਜਾਂਦੇ ਹੋਏ ਜੰਮੂ-ਕਸ਼ਮੀਰ ਦਾ ਕਠੂਆ ਸ਼ਹਿਰ ਲੰਘਦੇ ਹਾਂ ਤਾਂ ਦਰਿਆ ਉੱਝ ਪਾਰ ਕਰਦਿਆਂ ਹੀ ਦਰਿਆ ਦੇ ਸੱਜੇ ਕਿਨਾਰੇ ਇੱਕ ਪਹਾੜੀ ਉੱਪਰ ਜਸਰੋਟੇ ਦਾ ਕਿਲ੍ਹਾ ਸਥਿਤ ਹੈ ਜਿਸ ਦੇ ਖੰਡਰ ਅੱਜ ਵੀ ਬਾਈਧਾਰ ਰਿਆਸਤਾਂ ਵਿਚੋਂ ਇੱਕ ਜਸਰੋਟਾ ਰਿਆਸਤ ਦੀ ਬਾਤ ਪਾਉਂਦੇ ਹਨ। ਜਸਰੋਟਾ ਕਿਲ੍ਹੇ ਦੇ ਜੋ ਮੌਜੂਦਾ ਖੰਡਰਾਤ ਦਿਖਾਈ ਦਿੰਦੇ ਹਨ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਿਆਨ ਸਿੰਘ ਡੋਗਰਾ ਦੇ ਪੁੱਤਰ ਹੀਰਾ ਸਿੰਘ ਵੱਲੋਂ ਬਣਾਏ ਕਿਲ੍ਹੇ ਦੇ ਹਨ ਜੋ ਕਿ ਸਰਕਾਰ-ਏ-ਖ਼ਾਲਸਾ ਦਾ ਇੱਕ ਅਹਿਮ ਕਿਲ੍ਹਾ ਸੀ। ਆਓ ਇਸ ਲੇਖ ਜਰੀਏ ਜਸਰੋਟਾ ਰਿਆਸਤ ਅਤੇ ਇਸ ਕਿਲ੍ਹੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ।
ਜਸਰੋਟਾ ਰਿਆਸਤ ਪੁਰਾਣੀਆਂ ਪਹਾੜੀ ਬਾਈਧਾਰ ਰਿਆਸਤਾਂ ਵਿਚੋਂ ਇਕ ਰਿਆਸਤ ਸੀ ਜਿਹੜੀ ਡੂਗਰ ਦੇ ਹਲਕੇ ਵਿਚ ਦਰਿਆ ਰਾਵੀ ਦੇ ਪੱਛਮ ਵੱਲ ਉੱਪਰਲੀਆਂ ਸ਼ਿਵਾਲਕ ਪਹਾੜੀਆਂ ਵਿਚ ਸਥਿਤ ਸੀ। ਇਸ ਰਿਆਸਤ ਦੇ ਦੱਖਣ ਵਿਚ ਕਾਰਾਈਧਾਰ ਪਰਬਤੀ-ਲੜੀ ਹੈ ਜਿਹੜੀ ਜਸਰੋਟਾ ਰਿਆਸਤ ਨੂੰ ਉੱਤਰ ਵੱਲੋਂ ਬਜੋਹਲੀ, ਭਾਦੂ ਅਤੇ ਮਾਨਕੋਟ ਰਿਆਸਤਾਂ ਨਾਲੋਂ ਵੱਖ ਕਰਦੀ ਹੈ। ਇਸ ਦੇ ਪੂਰਬ ਵਿਚ ਲੱਖਣਪੁਰ, ਦੱਖਣ ਵਿਚ ਮੈਦਾਨੀ ਇਲਾਕਾ ਅਤੇ ਪੱਛਮ ਵੱਲ ਰਿਆਸਤ ਸਾਂਬਾ ਹੈ। ਜਸਰੋਟ ਰਿਆਸਤ ਦੀ ਰਾਜਧਾਨੀ ਜਸਰੋਟਾ ਸ਼ਹਿਰ ਹੈ ਜਿਸ ਦੇ ਨਾਂ ਉੱਪਰ ਇਸ ਰਿਆਸਤ ਅਤੇ ਇੱਥੋਂ ਦੇ ਰਾਜ-ਘਰਾਣੇ ਦਾ ਨਾਮ ਪਿਆ। ਜਸਰੋਟਾ ਸ਼ਹਿਰ ਕਰਾਈਧਾਰ ਪਰਬਤਾਂ ਦੇ ਬਾਹਰ ਦੱਖਣੀ ਪਾਸੇ ਵੱਲ ਵਸਿਆ ਹੋਇਆ ਹੈ। ਰਿਆਸਤ ਜਸਰੋਟਾ ਇਨ੍ਹਾਂ ਰਾਜਿਆਂ ਦੇ ਰਾਜ ਦੌਰਾਨ ਇਕ ਖ਼ੁਸ਼ਹਾਲ ਰਿਆਸਤ ਸੀ। ਇਸ ਰਾਜ ਖੇਤਰ ਦੀ ਭੂਮੀ ਮੈਦਾਨੀ ਇਲਾਕੇ ਦੇ ਬਿਲਕੁਲ ਨਾਲ ਲਗਦੀ ਹੋਣ ਕਰਕੇ ਕਾਫ਼ੀ ਜ਼ਰਖੇਜ਼ ਸੀ ਅਤੇ ਜਸਰੋਟਾ ਦਾ ਸ਼ਕਤੀਸ਼ਾਲੀ ਹੋਣਾ ਕੁਦਰਤੀ ਸੀ।
ਜਸਰੋਟਾ ਦਾ ਰਾਜ-ਘਰਾਣਾ ਹੋਰ ਰਿਆਸਤੀ ਰਾਜ-ਕੁਲਾਂ ਵਾਂਗ ਹੀ ਮੂਲ ਰੂਪ ਵਿਚ ਜੰਮੂ ਦੇ ਸ਼ਾਹੀ ਖ਼ਾਨਦਾਨ ਵਿਚੋਂ ਸੀ। ਤੇਰ੍ਹਵੀਂ ਸਦੀ ਦੌਰਾਨ ਦੀ ਇਹ ਮੁੱਢਲੀ ਰਿਆਸਤ ਛੋਟੇ-ਛੋਟੇ ਪਹਾੜੀ ਰਾਜਵਾੜਿਆਂ ਵਿਚੋਂ ਪੁਰਾਣੀ ਜਾਪਦੀ ਹੈ। ਭੁਜ-ਦੇਵ ਅਣਵੰਡੀ ਰਿਆਸਤ ਜੰਮੂ ਦਾ ਅਖੀਰਲਾ ਰਾਜਾ ਸੀ। ਇਸ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਮਾਨਕੋਟੀਆ ਖ਼ਾਨਦਾਨ ਦਾ ਬਾਨੀ ਹੋਇਆ, ਦੂਜਾ ਜੰਮੂ ਦਾ ਰਾਜਾ ਬਣ ਗਿਆ, ਤੀਜਾ ‘ਕਰਨ ਦੇਵ’ ਜਿਸ ਲਈ ਜਸਰੋਟਾ ਦਾ ਇਲਾਕਾ ਬਾਕੀ ਰਹਿ ਗਿਆ ਸੀ ਜਸਰੋਟ ਦੇ ਨਾਲ ਲਗਦੇ ਰਾਜਿਆਂ ਦੇ ਇਲਾਕੇ ਮਿਲਾ ਕੇ ਨਵੀਂ ਰਿਆਸਤ ਦਾ ਰਾਜਾ ਬਣ ਗਿਆ। ਬਾਅਦ ਵਿਚ ਜਸਰੋਟਾ ਸ਼ਹਿਰ ਨੂੰ ਰਾਜਧਾਨੀ ਬਣਾਉਣ ਕਾਰਨ ਇਸ ਘਰਾਣੇ ਦਾ ਨਾਂ ਜਸਰੋਟੀਆ ਅਤੇ ਰਿਆਸਤ ਦਾ ਨਾਂ ਜਸਰੋਟਾ ਚੱਲਿਆ। ਜਸਰੋਟਾ ਨਗਰ ਦੀ ਨੀਂਹ ਕਿਉਂਕਿ ਜਸ-ਦੇਵ ਨੇ ਰੱਖੀ ਸੀ ਇਸ ਲਈ ਇਸ ਦਾ ਨਾਂ ਜਸਰੋਟਾ ਰੱਖਿਆ ਗਿਆ।
ਜਸਰੋਟਾ ਬਾਰੇ ਸੰਸਕ੍ਰਿਤ ਸਾਹਿਤ ਵਿਚ ਤਾਂ ਕੁਝ ਨਹੀਂ ਮਿਲਦਾ ਪਰ ਅਕਬਰ ਦੇ ਸਮੇਂ ਦੇ ਮੁਸਲਿਮ ਇਤਿਹਾਸ ਵਿਚ ਦੋ ਕੁ ਵਾਰੀ ਇਸ ਦਾ ਜ਼ਿਕਰ ਆਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਰਿਆਸਤ ਦਾ ਥੋੜ੍ਹਾ-ਬਹੁਤ ਸਬੰਧ ਜੰਮੂ ਨਾਲ ਹਮੇਸ਼ਾ ਹੀ ਰਿਹਾ। ਅਕਬਰਨਾਮਾ ਅਤੇ ਮਾਅਸਿਹ-ਉਲ-ਉਸਰ ਪੁਸਤਕਾਂ ਵਿਚ ਵੀ ਇਹ ਮੁਗ਼ਲ ਸਲਤਨਤ ਦੀਆਂ ਦੋ ਵੱਡੀਆਂ ਵਿਰੋਧੀ ਪਹਾੜੀ ਰਿਆਸਤਾਂ ਵਿਚੋਂ ਰਿਹਾ ਹੈ।
ਇਸ ਰਿਆਸਤ ਦਾ ਮੁੱਢ 13ਵੀਂ ਸਦੀ ਦੌਰਾਨ ਬੱਝਿਆ ਅਤੇ ਸੰਨ 1834 ਤਕ ਇਕ ਦੂਜੇ ਤੋਂ ਬਾਅਦ ਇਸ ਦੇ ਕੁੱਲ ਸਤਾਈ ਰਾਜੇ ਹੋਏ। ਇਸ ਰਿਆਸਤ ਦੇ ਮੁੱਢਲੇ ਇਤਿਹਾਸ ਬਾਰੇ ਕਿਤੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ। ਕਰਮ-ਦੇਵ, ਬੀਰ ਦੇਵ, ਕਾਲੂ-ਦੇਵ, ਅਮੀਲ-ਦੇਵ, ਬਲਾਰ-ਦੇਵ, ਕਲਸ-ਦੇਵ ਅਤੇ ਪ੍ਰਤਾਪ-ਦੇਵ ਆਦਿ ਦੇ ਨਾਂ ਹੀ ਮੁੱਢਲੇ ਜਸਰੋਟ ਰਾਜਿਆਂ ਵਿਚੋਂ ਮਿਲਦੇ ਹਨ।
ਰਾਜਾ ਪ੍ਰਤਾਪ-ਦੇਵ ਅਤੇ ਇਸ ਦੇ ਭਰਾ ਸੰਗਰਾਮ-ਦੇਵ ਵਿਚਕਾਰ ਕੁਝ ਮੱਤਭੇਦ ਹੋ ਜਾਣ ਕਰਕੇ ਰਿਆਸਤ ਜਸਰੋਟ ਦਾ ਖੇਤਰ ਦੋ ਹਿੱਸਿਆਂ ਵਿਚ ਵੰਡਿਆ ਗਿਆ, ਜਿਸ ਦੇ ਫ਼ਲਸਰੂਪ ਇਕ ਨਵੀਂ ਸਟੇਟ ਹੋਂਦ ਵਿਚ ਆਈ। ਇਸ ਰਿਆਸਤ ਦੀ ਰਾਜਧਾਨੀ ‘ਲਖਣਪੁਰ’ ਵਿਚ ਸਥਾਪਤ ਕੀਤੀ ਗਈ ਅਤੇ ਇਸ ਕਰਕੇ ਰਿਆਸਤ ਦਾ ਨਾਂ ਵੀ ਲਖਣਪੁਰ ਪਿਆ। ਲਖਣਪੁਰ ਦੀ ਪੱਛਮੀ ਹੱਦ ਰਾਵੀ ਦਰਿਆ ਦੀ ਸਹਾਇਕ ਨਦੀ ‘ਉੱਝ’ ਮੰਨਿਆ ਗਿਆ। ਰਾਜੇ ਦੀ ਰਿਹਾਇਸ਼ ਲਈ ਲਖਣਪੁਰ ਵਿਚ ਅਤੇ ਥੀਨ ਵਿਖੇ ਇਕ ਟਿੱਲੇ ਉੱਪਰ ਕਿਲ੍ਹੇ ਬਣਵਾਏ ਗਏ। ਇਸ ਲਈ ਇਸ ਰਿਆਸਤ ਨੂੰ ਰਾਜਾ ਸੰਗਰਾਮ-ਦੇਵ ਦੇ ਸਮਕਾਲੀ ਇਤਿਹਾਸ ਵਿਚ ਕਿਧਰੇ-ਕਿਧਰੇ ਥੀਨ ਰਿਆਸਤ ਵੀ ਕਿਹਾ ਗਿਆ ਹੈ। ਇਨ੍ਹਾਂ ਦੋਹਾਂ ਥਾਵਾਂ ਤੇ ਬਣਾਏ ਕਿਲਿਆਂ ਦੇ ਖੰਡਰਾਤ ਅਜੇ ਵੀ ਮੌਜੂਦ ਹਨ।
ਪ੍ਰਤਾਪ ਦੇਵ ਤੋਂ ਬਾਅਦ ਜਤਰ-ਦੇਵ, ਅਤਰ-ਦੇਵ ਜਾਂ ਅਟਲ ਦੇਵ, ਸੁਲਤਾਨ-ਦੇਵ, ਸਗਤ-ਦੇਵ, ਦੌਲਤ-ਦੇਵ ਅਤੇ ਭਾਬੂ-ਦੇਵ ਰਾਜਿਆ ਦੇ ਤੌਰ ਤੇ ਗੱਦੀਨਸ਼ੀਨ ਹੋਏ। ਇਨ੍ਹਾਂ ਵਿਚੋਂ ਰਾਜਾ ਭਾਬੂ-ਦੇਵ ਨੂੰ ਅਕਬਰ ਦੇ ਸਮੇਂ ਦਾ ਵਿਰੋਧੀ ਰਾਜਾ ਦੱਸਿਆ ਗਿਆ ਹੈ। ਸੰਨ 1588-89 ਦੌਰਾਨ ਜੰਮੂ ਤੋਂ ਲੈ ਕੇ ਜਸਵਾਨ ਤਕ ਦੀਆਂ ਸਾਰੀਆਂ ਪਹਾੜੀ ਰਿਆਸਤਾਂ ਨੇ ਬਗ਼ਾਵਤ ਕੀਤੀ ਪਰ ਇਸ ਬਗ਼ਾਵਤ ਨੂੰ ਦਬਾਅ ਦਿੱਤਾ ਗਿਆ। ਇਸ ਤੋਂ ਛੇ ਕੁ ਸਾਲ ਪਿੱਛੋਂ ਦੁਬਾਰਾ ਫਿਰ ਇਨ੍ਹਾਂ ਹੀ ਰਾਜਿਆਂ ਨੇ ਬਗ਼ਾਵਤ ਕੀਤੀ ਜਿਸ ਦੀ ਅਗਵਾਈ ਰਾਜਾ ਭਾਬੂ ਨੇ ਕੀਤੀ। ਸ਼ਾਹੀ ਫ਼ੌਜਾਂ ਨੇ ਕਾਫ਼ੀ ਜੱਦੋ-ਜਹਿਦ ਉਪਰੰਤ ਜੰਮੂ ਉੱਪਰ ਕਬਜ਼ਾ ਕਰ ਲਿਆ। ਇਸ ਉਪਰੰਤ ਇਹ ਪੂਰਬ ਵੱਲ ਵਧਿਆ ਤੇ ਸਾਂਭਾ ਦੇ ਸਥਾਨ ਤੇ ਆ ਕੇ ਲਖਣਪੁਰ ਦੇ ਰਾਜਾ ਬਲਭਦਰ ਅਤੇ ਜਸਰੋਟਾ ਦੇ ਰਾਜਾ ਭਾਬੂ ਨੂੰ ਹਥਿਆਰ ਸੁੱਟਣੇ ਪਏ। ਇਸ ਤੋਂ ਪਿੱਛੋਂ ਜਸਰੋਟਾ ਅਤੇ ਕਬਜ਼ਾ ਕਰਨ ਲਈ ਵੀ ਮੁਗ਼ਲ ਫ਼ੌਜਾਂ ਨੂੰ ਰਾਜਾ ਭਾਬੂ ਦੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਚੰਗਾ ਟਾਕਰਾ ਕਰਨਾ ਪਿਆ ਅਤੇ ਘਮਸਾਣ ਦੀ ਲੜਾਈ ਹੋਈ।
ਭਾਬੂ-ਦੇਵ ਤੋਂ ਪਿੱਛੋਂ ਭੁਜ-ਦੇਵ, ਫਤਹਿ-ਦੇਵ, ਤੇਜ਼-ਦੇਵ, ਸ਼ਿਵ-ਦੇਵ, ਜਗਦੇਵ, ਸੁਖਦੇਵ ਅਤੇ ਧਰੁਵ-ਦੇਵ ਕ੍ਰਮਵਾਰ ਹੋਏ। ਇਨ੍ਹਾਂ ਬਾਰੇ ਵੀ ਕੋਈ ਵਿਸ਼ੇਸ਼ ਘਟਨਾ ਦਾ ਪਤਾ ਨਹੀਂ ਹੈ। ਫਿਰ ਕਿਰਾਲ-ਦੇਵ ਤੇ ਰਤਨ-ਦੇਵ ਹੋਏ। ਰਤਨਦੇਵ ਜੰਮੂ ਦੇ ਰਾਜਾ ਰਣਜੀਤ ਦੇਵ ਦਾ ਸਮਕਾਲੀ (1750 ਈ.) ਸੀ।
ਇਤਿਹਾਸਕਾਰਾਂ ਵੱਲੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 18ਵੀਂ ਸਦੀ ਦੇ ਪਹਿਲੇ ਅੱਧ ਤੱਕ ਮੁਗ਼ਲ ਤਾਕਤ ਦੇ ਘਟਣ ਨਾਲ ਪੰਜਾਬ ਉੱਪਰ ਅਹਿਮਦ-ਸ਼ਾਹ ਦੁਰਾਨੀ ਦਾ ਕਬਜ਼ਾ ਹੋ ਗਿਆ ਅਤੇ ਬਸੋਹਲੀ ਵਰਗੀਆਂ ਪਹਾੜੀ ਰਿਆਸਤਾਂ ਵਾਂਗ ‘ਜਸਰੋਟਾ’ ਵੀ ਕਾਫ਼ੀ ਹੱਦ ਤਕ ਜੰਮੂ ਰਾਜ-ਅਧਿਕਾਰ ਹੇਠ ਆ ਗਈ। 18ਵੀਂ ਸਦੀ ਦੇ ਪਿਛਲੇ ਅੱਧ ਦੌਰਾਨ ਸਿੱਖਾਂ ਨੇ ਇਸ ਰਿਆਸਤ ਵੱਲ ਵਧਣਾ ਸ਼ੁਰੂ ਕਰ ਦਿੱਤਾ। ਅੱਗੋਂ ਪਹਾੜੀ ਮੁਖੀਆਂ ਨੇ ਵੀ ਇਨ੍ਹਾਂ ਦੀਆਂ ਲੜਾਈਆਂ ਵਿਚ ਭਾੜੇ ਦੇ ਸਿਪਾਹੀਆਂ ਵਜੋਂ ਲੜਨ ਦੀ ਪੇਸ਼ਕਸ਼ ਕਰ ਦਿੱਤੀ। ਇਸ ਤਰ੍ਹਾਂ ਸਿੱਖਾਂ ਨੇ ਆਪਣੇ ਪੈਰ ਇਨ੍ਹਾਂ ਰਿਆਸਤਾਂ ਵਿਚ ਵੀ ਟਿਕਾ ਲਏ। ਸੰਨ 1744 ਤੋਂ ਲੈ ਕੇ 1783 ਦੌਰਾਨ ਜਸਰੋਟਾ ਅਤੇ ਚੰਬਾ, ਬਸੋਹਲੀ ਤੇ ਜੰਮੂ ਤਕ ਸਿੱਖਾਂ ਵੱਲੋਂ ਹਮਲੇ ਹੋਏ। ਖ਼ਿਆਲ ਹੈ ਪਠਾਨਕੋਟ ਦੇ ਕਾਬਜ਼ ਹਮਲਾਵਰਾਂ ਵਿਚੋਂ ਘਨ੍ਹਈਆ ਮਿਸਲ ਦੇ ਸਰਦਾਰਾਂ ਨੇ ਸਭ ਤੋਂ ਪਹਿਲਾਂ ਹੱਲਾ ਕੀਤਾ।
ਇਸ ਦੌਰਾਨ (19ਵੀਂ ਸਦੀ ਦੇ ਸ਼ੁਰੂ ਤਕ) ਜਸਰੋਟਾ ਰਿਆਸਤ ਦੀ ਗੱਦੀ ਤੇ ਭਾਗ ਸਿੰਘ, ਅਜੈਬ ਸਿੰਘ ਤੇ ਲਾਲ ਸਿੰਘ ਬੈਠੇ। ਸੰਨ 1801 ਤਕ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ ਤੇ ਸੰਨ 1808 ਵਿਚ ਉਹ ਜਸਰੋਟਾ ਵੱਲ ਵਧਿਆ ਤਾਂ ਜਸਰੋਟਾ ਸਰਦਾਰਾਂ ਨੇ ਅੱਗੋਂ ਧੀਰਜ ਭਾਅ ਨਾਲ ਨਜ਼ਰਾਨਾ ਭੇਟ ਕੀਤਾ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ। ਇਸੇ ਤਰ੍ਹਾਂ ਬਾਕੀ ਦੀਆਂ ਰਿਆਸਤਾਂ ਵੀ ਸਿੱਖ ਤਾਕਤ ਦੇ ਕਬਜ਼ੇ ਹੇਠ ਆ ਗਈਆਂ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਉੱਘੇ ਸਰਦਾਰ ਦੇਸਾ ਸਿੰਘ ਮਜੀਠਾ ਨੂੰ ਪਹਾੜੀ ਖੇਤਰ ਦਾ ਨਾਜ਼ਮ ਥਾਪਿਆ ਗਿਆ। ਬਸੌਲੀ, ਭਾਦੂ ਤੇ ਮਾਨਕੋਟ ਇਲਾਕੇ ਵੀ ਉਸ ਦੇ ਅਧੀਨ ਹੀ ਆ ਗਏ।
ਇਸ ਸਮੇਂ ਜਸਰੋਟਾ ਦਾ ਰਾਜਾ ਰਣਬੀਰ ਸਿੰਘ ਸੀ ਜਿਸ ਦੀ ਮੌਤ ਪਿੱਛੋਂ ਉਸ ਦੇ ਕੋਈ ਬੇਟਾ ਨਾ ਹੋਣ ਕਰਕੇ ਉਸ ਦਾ ਛੋਟਾ ਭਰਾ ਭੂਰੀ ਸਿੰਘ ਰਾਜਾ ਬਣਿਆ। ਇਹ ਜਸਰੋਟਾ ਖ਼ਾਨਦਾਨ ਦਾ ਅੰਤਲਾ ਰਾਜਾ ਸੀ ਅਤੇ ਪੂਰੀ ਤਰ੍ਹਾਂ ਸਿੱਖਾਂ ਦੇ ਅਧੀਨ ਰਿਹਾ।
ਸੰਨ 1828 ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਵਜ਼ੀਰ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਰਾਜਾ ਬਣਾ ਕੇ ਇੱਥੇ ਭੇਜਿਆ ਗਿਆ ਅਤੇ ਜਸਰੋਟਾ ਰਿਆਸਤ ਇਸ ਨੂੰ ਜਗੀਰ ਦੇ ਤੌਰ ਤੇ ਦੇ ਦਿੱਤੀ ਗਈ। ਹੀਰਾ ਸਿੰਘ ਨੇ ਜਸਰੋਟਾ ਦੀ ਪਹਾੜੀ ਉੱਪਰ ਪੁਰਾਣੇ ਕਿਲ੍ਹੇ ਦਾ ਫਿਰ ਨਿਰਮਾਣ ਕੀਤਾ। ਨਾਨਕਸ਼ਾਹੀ ਇੱਟਾਂ ਨਾਲ ਬਣੇ ਇਸ ਕਿਲ੍ਹੇ ਵਿੱਚੋਂ 18ਵੀਂ ਤੇ 19ਵੀਂ ਸਦੀ ਦੀ ਸਿੱਖ ਭਵਨ ਨਿਰਮਾਣ ਕਲਾ ਦੀ ਖ਼ੂਬਸੂਰਤ ਝਲਕ ਦੇਖੀ ਜਾ ਸਕਦੀ ਹੈ।
ਇਸ ਸਮੇਂ ਜਸਰੋਟਾ ਦਾ ਕਿਲ੍ਹਾ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਪਹਾੜੀ ਦੇ ਉੱਪਰ ਜੰਗਲ ਵਿੱਚ ਹੋਣ ਕਾਰਨ ਬਹੁਤੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ। ਹਾਲਾਂਕਿ ਜਸਰੋਟਾ ਕਿਲ੍ਹੇ ਦੇ ਕੋਲ ਇੱਕ ਪ੍ਰਾਚੀਨ ਸ਼ਿਵ ਮੰਦਰ ਅਤੇ ਸਥਾਨਿਕ ਲੋਕਾਂ ਦੇ ਕੁੱਲ ਦੇਵਤਾ ਦਾ ਮੰਦਰ ਸਥਿਤ ਹੈ ਜਿੱਥੇ ਲੋਕ ਮੱਥਾ ਟੇਕਣ ਜਾਂਦੇ ਹਨ। ਪਰ ਉਸ ਤੋਂ ਥੋੜ੍ਹਾ ਦੂਰ ਜੰਗਲ ਵਿੱਚ ਇਹ ਕਿਲ੍ਹਾ ਦੇਖਣ ਘੱਟ ਲੋਕ ਹੀ ਪਹੁੰਚਦੇ ਹਨ। ਕਿਲ੍ਹੇ ਦਾ ਇੱਕ ਵੱਡਾ ਦਰਵਾਜ਼ਾ ਜੋ ਹੁਣ ਲਗਭਗ ਢਹਿ ਚੁੱਕਾ ਹੈ ਇਸ ਦੀ ਬੁਲੰਦੀ ਨੂੰ ਦਰਸਾਉਂਦਾ ਹੈ। ਉਸ ਤੋਂ ਅੱਗੇ ਚੱਲ ਕੇ ਕਾਫ਼ੀ ਖੰਡਰਾਤ ਆਉਂਦੇ ਹਨ ਅਤੇ ਫਿਰ ਇੱਕ ਵੱਡਾ ਤਲਾਬ ਅਤੇ ਉਸਦੇ ਕਿਨਾਰੇ ਇੱਕ ਸ਼ਾਹੀ ਮਹਿਲ ਦੇ ਖੰਡਰ ਮੌਜੂਦ ਹਨ। ਭਾਵੇਂ ਇਹ ਮਹਿਲ ਹੁਣ ਪੂਰੀ ਤਰ੍ਹਾਂ ਖੰਡਰ ਹੋ ਗਿਆ ਹੈ ਪਰ ਇਸਦੇ ਖੰਡਰਾਂ ਨੂੰ ਦੇਖ ਕੇ ਇਸ ਦੀ ਸ਼ਾਨ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਸਰੋਟਾ ਕਿਲ੍ਹੇ `ਤੇ ਇਹ ਕਹਾਵਤ ਬਿਲਕੁਲ ਢੁਕਦੀ ਹੈ ਕਿ – `ਖੰਡਰਾਤ ਬਤਾਤੇ ਹੈਂ ਕਿ ਇਮਾਰਤ ਅਜ਼ੀਮ ਥੀ`।
ਧੰਨਵਾਦ ਸਹਿਤ:-
– ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।
98155-77574











