ਸ਼੍ਰੋਮਣੀ ਭਗਤ ਨਾਮਦੇਵ ਜੀ ਅਤੇ ਨਗਰ ਘੁਮਾਣ

ਸ਼੍ਰੋਮਣੀ ਭਗਤ ਨਾਮਦੇਵ ਜੀ ਅਤੇ ਨਗਰ ਘੁਮਾਣ

ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਬੇਸ਼ੱਕ ਮਹਾਰਾਸ਼ਟਰ ਪ੍ਰਾਂਤ ਦੇ ਸਤਾਰਾ ਜ਼ਿਲ੍ਹੇ ਦੇ ਪਿੰਡ ਨਰਸੀ ਬਾਮਨੀ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਪੰਜਾਬ ਅਤੇ ਸਿੱਖ ਧਰਮ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸੰਨ 1270 ਵਿੱਚ ਪਿੰਡ ਨਰਸੀ ਬਾਮਨੀ ਵਿੱਚ ਪਿਤਾ ਦਾਮ ਸ੍ਰੇਸ਼ਟ ਦੇ ਘਰ ਮਾਤਾ ਗੋਨਾ ਬਾਈ ਦੀ ਕੁਖੋਂ ਜਨਮੇਂ ਭਗਤ ਨਾਮਦੇਵ ਜੀ ਦਾ ਪਰਿਵਾਰ ਛੀਂਬਾ ਬਰਾਦਰੀ ਨਾਲ ਸਬੰਧ ਰੱਖਦਾ ਸੀ। ਕਿਰਤੀਆਂ ਦੇ ਤਥਾ-ਕਥਿਤ ਨੀਵੀਂ ਜਾਤ ਵਿਚੋਂ ਹੋਣ ਕਾਰਨ ਭਗਤ ਨਾਮਦੇਵ ਜੀ ਨੂੰ ਉੱਚ ਵਰਗ ਦੇ ਜਾਤੀ ਅਭਿਮਾਨ ਅਤੇ ਪੁਜਾਰੀਆਂ ਦੀ ਕਰੋਪੀ ਦਾ ਵੀ ਕਈ ਵਾਰ ਸ਼ਿਕਾਰ ਹੋਣਾ ਪਿਆ। ਕਿਹਾ ਜਾਂਦਾ ਹੈ ਕਿ ਨਾਮਦੇਵ ਜੀ ਪਹਿਲਾਂ ਵੈਸ਼ਨਵ ਸਨ ਪਰ ਬਾਅਦ ਵਿੱਚ ਉਹ ਨਿਰਗੁਣ ਬ੍ਰਹਮ ਦੇ ਉਪਾਸ਼ਕ ਬਣ ਗਏ। ਭਗਤ ਜੀ ਛੋਟੀ ਉਮਰ ਤੋਂ ਹੀ ਬੀਠਲ ਦਾ ਨਾਮ ਲੈ ਕੇ ਪ੍ਰਮਾਤਮਾ ਦੀ ਉਸਤਤ ਗਾਉਂਦੇ ਸਨ। ਤਾਲਾਂ ਦੀ ਥਾਂ ਦੋ ਪੱਥਰ ਲੈ ਕੇ ਉਹ ਗਾਉਂਦੇ-ਗਾਉਂਦੇ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਂਦੇ ਸਨ।

ਭਗਤ ਨਾਮਦੇਵ ਜੀ ਦੀ ਪ੍ਰਭੂ ਭਗਤੀ ਨਾਲ ਜੁੜੀਆਂ ਕਈ ਕਥਾਵਾਂ ਵੀ ਪ੍ਰਚਲਿਤ ਹਨ ਜਿਨ੍ਹਾਂ ਵਿੱਚ ਠਾਕਰਾਂ ਨੂੰ ਦੁੱਧ ਪਿਆਉਣਾ, ਦੇਹੁਰਾ ਘੁਮਾਉਣਾ, ਮੋਈ ਗਊ ਨੂੰ ਜ਼ਿੰਦਾ ਕਰਨਾ ਆਦਿ ਖ਼ਾਸ ਤੌਰ ’ਤੇ ਬਹੁਤ ਪ੍ਰਸਿੱਧ ਹਨ। ਮੌਕੇ ਦੀ ਤੁਗਲਕ ਹਕੂਮਤ ਨੇ ਵੀ ਉਨ੍ਹਾਂ ਦੀ ਪਰਖ ਕੀਤੀ ਸੀ।

Adv.

Simar Industries
www.simarindustries.in

ਸ਼੍ਰੋਮਣੀ ਭਗਤ ਨਾਮਦੇਵ ਜੀ ਲੰਮਾ ਸਮਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਭਰਮਣ ਕਰਦੇ ਹੋਏ ਆਖਰ ਪੰਜ ਦਰਿਆਂ ਦੇ ਦੇਸ਼ ਪੰਜਾਬ ਆ ਗਏ। ਪੰਜਾਬ ਦੇ ਕਈ ਇਲਾਕਿਆਂ ’ਚੋਂ ਹੁੰਦੇ ਹੋਏ ਉਨ੍ਹਾਂ ਨੇ ਬਾਰੀ ਦੁਆਬ ਦੇ ਰਿਆੜਕੀ ਇਲਾਕੇ ਵਿੱਚ ਪ੍ਰਸਿੱਧ ਪਿੰਡ ਭੱਟੀਵਾਲ ਆਣ ਠਿਕਾਣਾ ਕੀਤਾ। ਭੱਟੀਵਾਲ ਦੇ ਨੇੜੇ ਹੀ ਉਨ੍ਹਾਂ ਨੇ ਪਿੰਡ ਘੁਮਾਣ ਵਿਖੇ ਆਪਣਾ ਆਖਰੀ ਕਿਆਮ ਕੀਤਾ। ਕਰੀਬ 18 ਸਾਲ ਦਾ ਅਰਸਾ ਭਗਤ ਨਾਮਦੇਵ ਜੀ ਘੁਮਾਣ ਵਿਖੇ ਰਹੇ ਅਤੇ ਸੰਨ 1350 ਵਿੱਚ ਏਥੇ ਹੀ ਜੋਤੀ ਜੋਤ ਸਮਾਏ। ਹਾਲਾਂਕਿ ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਭਗਤ ਜੀ ਆਖ਼ਰੀ ਸਮੇਂ ਵਾਪਸ ਮਹਾਰਾਸ਼ਟਰ ਚਲੇ ਗਏ ਸਨ ਅਤੇ ਉਨ੍ਹਾਂ ਦਾ ਅਕਾਲ ਚਲਾਣਾ ਮਹਾਰਾਸ਼ਟਰ ਵਿਖੇ ਹੋਇਆ ਸੀ, ਪਰ ਇਹ ਤੱਥ ਉਨ੍ਹਾਂ ਸਹੀ ਨਹੀਂ ਲੱਗਦਾ ਕਿਉਂਕਿ ਭਗਤ ਨਾਮਦੇਵ ਜੀ ਦੀ ਘੁਮਾਣ ਵਿਖੇ ਸਮਾਧ ਬਣੀ ਹੋਈ ਹੈ।

ਭਗਤ ਨਾਮਦੇਵ ਜੀ ਨੂੰ ਭਗਤੀ ਲਹਿਰ ਦੇ ਭਗਤਾਂ ਵਿਚੋਂ ਸ਼੍ਰੋਮਣੀ ਭਗਤ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਦੀ ਬਾਣੀ ਦੇ 18 ਰਾਗਾਂ ਵਿੱਚ 61 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਸ ਤੋਂ ਇਲਾਵਾ ਮਰਾਠੀ ਵਿੱਚ ਉਨ੍ਹਾਂ ਦੀ ਹੋਰ ਬਾਣੀ ਵੀ ਹੈ ਜਿਸਨੂੰ ਅਭੰਗ ਕਿਹਾ ਜਾਂਦਾ ਹੈ। ਭਗਤ ਨਾਮਦੇਵ ਜੀ ਦੀ ਬਾਣੀ ਵਿਚੋਂ ਉਨ੍ਹਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਵੇਰਵੇ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਛੀਂਬਾ ਬਰਾਦਰੀ ਅਤੇ ਉਨ੍ਹਾਂ ਦੇ ਕੰਮ-ਕਾਜ ਬਾਰੇ ਵੀ ਜਾਣਕਾਰੀ ਮਿਲਦੀ ਹੈ:

 

ਮਨ ਮੇਰੇ ਗਜੁ ਜਿਹਵਾ ਮੇਰੀ ਕਾਤੀ॥

ਮਪਿ ਮਪਿ ਕਾਟਉ ਸੀਵਨਿ ਸੀਵਉ॥

ਰਾਂਗਨਿ ਰਾਂਗਉ ਸੀਵਨਿ ਸੀਵਉ॥

ਰਾਮ ਨਾਮ ਬਿਨੁ ਘਰੀਅ ਦਾ ਜੀਵਉ॥

ਸੁਇਨੇ ਕੀ ਸੂਈ ਰੁਪਏ ਕਾ ਧਾਗਾ॥

ਨਾਮੇ ਕਾ ਚਿਤੁ ਹਰਿ ਸਿਉ ਲਾਗਾ॥

ਛੀਪੇ ਕੇ ਘਰਿ ਜਨਮ ਦੈਲਾ ਗੁਰ ਉਪਦੇਸੁ ਭੈਲਾ॥

ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ॥

 

ਭਗਤ ਨਾਮਦੇਵ ਜੀ ਦੇ ਸਮਾਜ ਵਿੱਚ ਪ੍ਰਚਲਿਤ ਜਾਤੀ ਪ੍ਰਥਾ ਨੂੰ ਨਕਾਰਦਿਆਂ ਮਨੁੱਖ ਮਾਤਰ ਦੀ ਏਕਤਾ ਅਤੇ ਸਮਾਨਤਾ ਉੱਪਰ ਬਲ ਦਿੱਤਾ:

 

ਮੈਂ ਬਉਰੀ ਮੇਰਾ ਰਾਮੁ ਭਤਾਰੁ॥

ਰਚਿ ਰਚਿ ਤਾਕਉ ਕਰਉ ਸਿੰਗਾਰੁ॥

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ॥

ਥਨੁ ਮਨੁ ਰਾਮ ਪਿਆਰੇ ਜੋਗ॥

 

ਉਨ੍ਹਾਂ ਨੇ ਦੇਵ ਪੂਜਾ ਦਾ ਖੰਡਨ, ਕਰਮ ਕਾਂਡਾ ਵਿਰੋਧ ਅਤੇ ਪਾਖੰਡ ਦੀ ਨਿਖੇਧੀ ਵੀ ਕੀਤੀ:

ਹਿੰਦੂ ਅੰਨਾ ਤੁਰਕੂ ਕਾਣਾ॥

ਦੁਹਾਂ ਤੇ ਗਿਆਨੀ ਸਿਆਣਾ॥

ਹਿੰਦੂ ਪੂਜੇ ਦੇਹੁਰਾ ਮੁਸਲਮਾਣੁ ਮਸੀਤ॥

ਨਾਮਾ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥

 

ਸ਼੍ਰੋਮਣੀ ਭਗਤ ਨਾਮਦੇਵ ਜੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਰਿਆੜਕੀ ਇਲਾਕੇ ਦੇ ਪਿੰਡ ਘੁਮਾਣ ਅਤੇ ਭੱਟੀਵਾਲ ਵਿਖੇ ਲੰਮਾ ਸਮਾਂ ਰਹੇ। ਸਥਾਨਕ ਲੋਕਾਂ ਵਿੱਚ ਅਜੇ ਵੀ ਭਗਤ ਜੀ ਦੀਆਂ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਹਨ। ਭਗਤ ਜੀ ਨੇ ਘੁਮਾਣ ਦੀ ਧਰਤੀ ਨੂੰ ਭਾਗ ਲਾਏ ਅਤੇ ਅੱਜ ਵੀ ਘੁਮਾਣ ਤੇ ਭੱਟੀਵਾਲ ਦੀ ਮਿੱਟੀ ਵਿੱਚੋਂ ਭਗਤ ਜੀ ਦੀ ਰੂਹਾਨੀਅਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

 

ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜਦੋਂ ਸ੍ਰੀ ਹਰਗੋਬਿੰਦਪੁਰ ਵਿਖੇ ਆਏ ਸਨ ਤਾਂ ਉਨ੍ਹਾਂ ਨੇ ਘੁਮਾਣ ਵਿਖੇ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧੀ ਦੇ ਦਰਸ਼ਨ ਕੀਤੇ ਸਨ। ਸਿੱਖ ਮਿਸਲਾਂ ਦੇ ਦੌਰ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧੀ ਉੱਪਰ ਇੱਕ ਖੂਬਸੂਰਤ ਗੁੰਬਦ ਵਾਲੀ ਸਮਾਧ ਬਣਾਈ ਅਤੇ ਸਮਾਧੀ ਦੇ ਸਾਹਮਣੇ ਸ਼੍ਰੀ ਗਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਾਰਾਂਦਰੀ ਬਣਾਈ ਸੀ। ਬਾਰਾਂਦਰੀ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਓਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਦਿੱਤੀ ਗਈ ਹੈ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸ੍ਰੀ ਨਾਮਦੇਵ ਦਰਬਾਰ ਵਿੱਚ ਭਗਤ ਜੀ ਦੀ ਸਮਾਧੀ ਦੇ ਜਿਥੇ ਗੁਰਦੁਆਰਾ ਸਾਹਿਬ ਸੁਸ਼ੋਬਿਤ ਹੈ ਓਥੇ ਨਾਲ ਹੀ ਸ੍ਰੀ ਕ੍ਰਿਸ਼ਨ ਮੰਦਰ ਅਤੇ ਸ਼ਿਵਾਲਾ ਵੀ ਮੌਜੂਦ ਹੈ। ਭਗਤ ਨਾਮਦੇਵ ਜੀ ਦੀ ਸਮਾਧ ਦੇ ਨਾਲ ਹੀ ਉਨ੍ਹਾਂ ਦੇ ਚਰਨ ਸੇਵਕ ਬਾਬਾ ਬੋਹੜ ਦਾਸ ਜੀ ਦੀ ਸਮਾਧ ਵੀ ਮੌਜੂਦ ਹੈ।

Adv.

ਹਾਲਾਂਕਿ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਬੰਧਕ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧੀ ਨੂੰ ਤੁਗਲਕ ਰਾਜ ਦੇ ਦੌਰ ਦੀ ਬਣਾਈ ਦੱਸਦੇ ਹਨ ਪਰ ਸਮਾਧ ਦੀ ਇਮਾਰਤ ਦਾ ਡਿਜ਼ਾਇਨ ਅਤੇ ਇਸਦੀ ਭਵਨ ਨਿਰਮਾਣ ਕਲਾ ਸਿੱਖ ਰਾਜ ਸਮੇਂ ਦੀ ਹੈ। ਹਾਂ ਇਹ ਜਰੂਰ ਹੋ ਸਕਦਾ ਹੈ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਸਮਾਧ ਬਣਾਉਣ ਤੋਂ ਪਹਿਲਾਂ ਵੀ ਓਥੇ ਕੋਈ ਯਾਦਗਾਰੀ ਇਮਾਰਤ ਹੋਵੇਗੀ। ਇਸ ਸਬੰਧੀ ਕਾਫੀ ਇਤਿਹਾਸਕ ਸਰੋਤਾਂ ਵਿੱਚ ਵੀ ਜਿਕਰ ਮਿਲਦਾ ਹੈ ਕਿ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਮੌਜੂਦਾ ਸਮਾਧ ਦੀ ਇਮਾਰਤ ਮਿਸਲ ਕਾਲ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬਣਾਈ ਸੀ। ਪੁਰਾਤਾਨ ਇਮਾਰਤਾਂ ਦੇ ਜਾਣਕਾਰ ਅਤੇ ਪ੍ਰਸਿੱਧ ਇਤਿਹਾਸਕਾਰ ਸ੍ਰੀ ਸੁਭਾਸ਼ ਪਰਹਾਰ ਵੀ ਇਸ ਦੀ ਤਸਦੀਕ ਕਰਦੇ ਹਨ ਕਿ ਭਗਤ ਨਾਮਦੇਵ ਜੀ ਦੀ ਸਮਾਧ 18ਵੀਂ ਸਦੀ ਦੀ ਹੈ ਅਤੇ ਇਸ ਸਮਾਧ ਦਾ ਡਿਜਾਇਨ ਸਿੱਖ ਕਾਲ ਦੇ ਸਮੇਂ ਦਾ ਹੈ। ਸਮਾਧ ਜ਼ਮੀਨ ਨਾਲੋਂ ਹੇਠਾਂ ਹੈ ਅਤੇ ਇਸਦੀਆਂ ਦੀਵਾਰਾਂ ਦੇ ਵਿੱਚ ਖਾਲੀ ਥਾਂ ਛੱਡੀ ਗਈ ਹੈ ਤਾਂ ਜੋ ਇਸਨੂੰ ਵਾਤਾਅਨਕੂਲ ਬਣਾਇਆ ਜਾ ਸਕੇ। ਇਸਦਾ ਗੁੰਬਦ ਬਹੁਤ ਵੱਡਾ ਅਤੇ ਆਪਣੇ ਆਪ ਵਿੱਚ ਸ਼ਾਹਕਾਰ ਹੈ।

Adv.

ਭਗਤ ਨਾਮਦੇਵ ਜੀ ਦੀ ਸਮਾਧ ਦੇ ਪਿਛਲੇ ਪਾਸੇ ਇੱਕ ਵੱਡਾ ਸਰੋਵਰ ਹੈ ਜੋ ਕਨ੍ਹਈਆ ਮਿਸਲ ਦੀ ਮੁੱਖੀ ਸਰਦਾਰਨੀ ਸਦਾ ਕੌਰ ਨੇ ਬਣਾਇਆ ਸੀ। ਕਿਸੇ ਸਮੇਂ ਸੰਗਤਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਹੀ ਮੱਥਾ ਟੇਕਣ ਜਾਂਦੀਆਂ ਸਨ। ਸਰਦਾਰਨੀ ਸਦਾ ਕੌਰ ਵੱਲੋਂ ਬਣਵਾਏ ਇਸ ਸਰੋਵਰ ਦੀ ਹਾਲਤ ਹੁਣ ਤਰਸਯੋਗ ਹੈ। ਪਿਛਲੇ ਕਈ ਦਹਾਕਿਆਂ ਤੋਂ ਇਹ ਸਰੋਵਰ ਸੁੱਕਾ ਪਿਆ ਹੈ ਅਤੇ ਇਸ ਵਿੱਚ ਲੋਕ ਹੁਣ ਕੂੜਾ ਸੁੱਟਦੇ ਹਨ। ਸਰੋਵਰ ਦੇ ਵਿੱਚ ਔਰਤਾਂ ਦੇ ਇਸ਼ਨਾਨ ਲਈ ਪੋਣਾ ਵੀ ਹੁੰਦਾ ਸੀ ਜੋ ਢਾਹ ਦਿੱਤਾ ਗਿਆ ਹੈ। ਸਰੋਵਰ ਦੀਆਂ ਪੌੜੀਆਂ ਅਜੇ ਵੀ ਦੇਖੀਆਂ ਜਾ ਸਕਦੀਆਂ ਹਨ ਪਰ ਬਹੁਤੇ ਹਿੱਸਿਆਂ ਤੋਂ ਪੌੜੀਆਂ ਵੀ ਟੁੱਟ ਗਈਆਂ ਹਨ। ਸਿੱਖ ਮਿਸਲਾਂ ਦੇ ਦੌਰ ਦੇ ਬਣੇ ਇਸ ਪਾਵਨ ਸਰੋਵਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

 

ਜਿਸ ਜਗ੍ਹਾ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧ ਹੈ ਅਤੇ ਗੁਰਦੁਆਰਾ ਸਾਹਿਬ ਹੈ ਉਸ ਅਸਥਾਨ ਨੂੰ ਸ੍ਰੀ ਨਾਮਦੇਵ ਦਰਬਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸਦਾ ਪ੍ਰਬੰਧ ਨਾਮਦੇਵ ਦਰਬਾਰ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।

 

ਇਸਤੋਂ ਇਲਾਵਾ ਘੁਮਾਣ ਵਿੱਚ ਭਗਤ ਨਾਮਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਤਪਿਆਣਾ ਸਾਹਿਬ, ਸ੍ਰੀ ਭੰਡਾਰਾ ਸਾਹਿਬ ਵੀ ਸੁਸ਼ੋਬਿਤ ਹਨ। ਮਹਾਂਰਾਸ਼ਟਰ ਸਮੇਤ ਦੁਨੀਆਂ ਭਰ ਵਿਚੋਂ ਸ਼ਰਧਾਲੂ ਭਗਤ ਨਾਮਦੇਵ ਜੀ ਦੀ ਸਮਾਧੀ ਦੇ ਦਰਸ਼ਨਾਂ ਲਈ ਘੁਮਾਣ ਵਿਖੇ ਪਹੁੰਚਦੇ ਹਨ। ਭਗਤ ਨਾਮਦੇਵ ਜੀ ਨੇ ਸਾਡੇ ਇਲਾਕੇ ਨੂੰ ਆਪਣੀ ਚਰਨਛੋਹ ਨਾਲ ਧੰਨ ਕਰ ਦਿੱਤਾ ਅਤੇ ਅੱਜ ਵੀ ਸਾਡੇ ਇਲਾਕੇ ਉਪਰ ਉਨ੍ਹਾਂ ਦੀ ਰਹਿਮਤਾਂ ਬਰਕਰਾਰ ਹਨ। ਭਗਤ ਨਾਮਦੇਵ ਜੀ ਦੀ ਬਣਾਈ ਅਤੇ ਉਪਦੇਸ਼ ਹਮੇਸ਼ ਪੂਰੀ ਲੋਕਾਈ ਦੀ ਅਗਵਾਈ ਕਰਦੇ ਰਹਿਣਗੇ।

ਧੰਨਵਾਦ ਸਹਿਤ:-

– ਇੰਦਰਜੀਤ ਸਿੰਘ ਹਰਪੁਰਾ,

ਬਟਾਲਾ। 98155-77574

Leave a Reply

Your email address will not be published. Required fields are marked *