ਢਾਡੀ ਜਥੇ ਅਤੇ ਵੱਖ-ਵੱਖ ਬੁਲਾਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਰੌਸ਼ਨੀ ਪਾਈ
ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਨੂੰ ਮੁੜ ਸੁਰਜੀਤ ਕਰਵਾਉਣਾ ਵਿਰਾਸਤੀ ਮੰਚ ਦਾ ਮੁੱਖ ਟੀਚਾ : ਐਡਵੋਕੇਟ ਐੱਸ.ਐੱਚ. ਮਾਂਗਟ ਦੀ
ਆਪਣੇ ਕੌਮੀ ਨਾਇਕਾਂ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣਾ ਸਾਡਾ ਨੈਤਿਕ ਫ਼ਰਜ – ਪ੍ਰਧਾਨ ਬਲਦੇਵ ਸਿੰਘ ਰੰਧਾਵਾ
ਮਹਾਰਾਜਾ ਰਣਜੀਤ ਸਿੰਘ ਅੱਜ ਵੀ ਪੰਜਾਬੀਆਂ ਦੇ ਦਿਲਾਂ ’ਤੇ ਕਰਦੇ ਹਨ ਰਾਜ – ਇੰਦਰਜੀਤ ਸਿੰਘ ਹਰਪੁਰਾ
ਦੀਨਾਨਗਰ/ਗੁਰਦਾਸਪੁਰ, 29 ਜੂਨ ( IPT BUREAU) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 185ਵੀਂ ਬਰਸੀ ਅੱਜ ਉਨ੍ਹਾਂ ਦੀ ਸ਼ਾਹੀ ਬਾਰਾਂਸਰੀ ਦੀਨਾਨਗਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਵਿਰਾਸਤੀ ਮੰਚ ਬਟਾਲਾ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਭੇਜੇ ਗਏ ਢਾਡੀ ਜਥੇ ਭਾਈ ਮਲਕੀਤ ਸਿੰਘ ਬੱਗਾ, ਭਾਈ ਪਰਮਜੀਤ ਸਿੰਘ ਜੇਠੂਵਾਲ, ਭਾਈ ਮਨਦੀਪ ਸਿੰਘ ਚਾਟੀਵਿੰਡ ਅਤੇ ਭਾਈ ਗੁਰਦਿਆਲ ਸਿੰਘ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਪ੍ਰਸੰਗ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ।
ਇਸ ਮੌਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਰਾਸਤੀ ਮੰਚ, ਬਟਾਲਾ ਦੇ ਸਰਪਰਸਤ ਐਡਵੋਕੇਟ ਐੱਚ.ਐੱਸ. ਮਾਂਗਟ ਨੇ ਕਿਹਾ ਕਿ ਵਿਰਾਸਤੀ ਮੰਚ ਦਾ ਟੀਚਾ ਇਸ ਇਤਿਹਾਸਕ ਇਮਾਰਤ ਨੂੰ ਮੁੜ ਸੁਰਜੀਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰਾਂ ਨਾਲ ਲਗਾਤਾਰ ਰਾਬਤਾ ਕਰ ਰਹੇ ਹਨ ਅਤੇ ਜੇਕਰ ਵਿਰਾਸਤੀ ਮੰਚ ਨੂੰ ਲੋੜ ਮਹਿਸੂਸ ਹੋਈ ਤਾਂ ਉਹ ਇਸ ਇਮਾਰਤ ਦੀ ਸੰਭਾਲ ਲਈ ਕਾਨੂੰਨੀ ਚਾਰਾਜੋਈ ਵੀ ਕਰਨਗੇ।
ਇਸ ਮੌਕੇ ਵਿਰਾਸਤੀ ਮੰਚ, ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਆਪਣੇ ਕੌਮੀ ਨਾਇਕਾਂ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣਾ ਸਾਡਾ ਨੈਤਿਕ ਫ਼ਰਜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ ਅਤੇ ਇੱਕ ਵਿਸ਼ਾਲ ਖਿੱਤੇ ਉੱਪਰ ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਰਾਜ ਕੀਤਾ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦੀਨਾ ਨਗਰ ਦੀ ਸ਼ਾਹੀ ਬਾਰਾਂਦਰੀ ਦੀ ਮੁਰੰਮਤ ਕਰਕੇ ਇਸਦੀ ਸ਼ਾਨ ਨੂੰ ਮੁੜ ਬਹਾਲ ਕਰਨਾ ਚਾਹੀਦਾ ਹੈ।
ਵਿਰਾਸਤੀ ਮੰਚ ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਉਹ ਬਾਦਸ਼ਾਹ ਸਨ ਜਿਨ੍ਹਾਂ ਨੇ ਇਕੱਲੇ ਰਣ ਹੀ ਨਹੀਂ ਜਿੱਤੇ ਸਨ ਬਲਕਿ ਆਪਣੀਆਂ ਨੇਕੀਆਂ ਕਾਰਨ ਅਵਾਮ ਦਾ ਦਿਲ ਵੀ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਨਾਇਕ ਹਨ ਅਤੇ ਇਹੀ ਕਾਰਨ ਹੈ ਕਿ ਸ਼ੇਰ-ਏ-ਪੰਜਾਬ ਅੱਗੇ ਅੱਜ ਵੀ ਹਰ ਪੰਜਾਬੀ ਦਾ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਹਲੀਮੀ ਰਾਜ ਦੀਆਂ ਉਦਾਹਰਨਾ ਅੱਜ ਵੀ ਪੂਰੀ ਦੁਨੀਆਂ ਵਿੱਚ ਦਿੱਤੀਆਂ ਜਾਂਦੀਆਂ ਹਨ।
ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਦੀ ਖਸਤਾ ਹਾਲਤ ਉੱਪਰ ਅਫਸੋਸ ਜ਼ਾਹਰ ਕਰਦਿਆਂ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਪੰਜ ਦਰਿਆਵਾਂ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦੀ ਨਿਸ਼ਾਨੀ ਦੀ ਇਹ ਦੁਰਦਸ਼ਾ ਹੋਣੀ ਸਾਡੇ ਸਾਰਿਆਂ ਉੱਪਰ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਦੀਨਾਨਗਰ ਖ਼ਾਲਸਾ ਰਾਜ ਦੀ ਗਰਮੀਆਂ ਦੀ ਰਾਜਧਾਨੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਦਾ ਮੌਸਮ ਇਥੇ ਹੀ ਗੁਜ਼ਾਰਦੇ ਸਨ। ਉਨ੍ਹਾਂ ਕਿਹਾ ਕਿ ਅਕਾਲ ਚਾਲਣੇ ਤੋਂ ਇੱਕ ਸਾਲ ਪਹਿਲਾਂ ਵੀ ਸੰਨ 1838 ਦੇ ਮਈ-ਜੂਨ ਮਹੀਨਿਆਂ ਵਿੱਚ ਸ਼ੇਰ-ਏ-ਪੰਜਾਬ ਨੇ ਦੀਨਾਨਗਰ ਦੀ ਇਸ ਸ਼ਾਹੀ ਬਾਰਾਂਦਰੀ ਵਿੱਚ ਆਪਣਾ ਦਰਬਾਰ ਲਗਾਇਆ ਸੀ। ਇਸ ਬਾਰਾਂਦਰੀ ਵਿੱਚ ਹੀ ਅਫ਼ਗਾਨਿਸਤਾਨ ਦੀ ਤਖ਼ਤ ਨਸ਼ੀਨੀ ਬਾਰੇ ਤ੍ਰੈ-ਦੇਸੀ ਸੰਧੀ ਹੋਈ ਸੀ। ਇਸ ਤੋਂ ਇਲਾਵਾ ਕਸ਼ਮੀਰ ਫ਼ਤਹਿ ਕਰਨ ਦੀ ਵਿਊਂਤ ਸਮੇਤ ਹੋਰ ਵੀ ਕਈ ਅਹਿਮ ਫ਼ੈਸਲੇ ਇਸ ਥਾਂ ’ਤੇ ਹੋਏ ਸਨ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਦੇ ਇਤਿਹਾਸ ਦੀ ਇਸ ਗੌਰਵਮਈ ਨਿਸ਼ਾਨੀ ਦੀ ਸੰਭਾਲ ਕੀਤੀ ਜਾਵੇ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਗੁਰਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਵਿਰਾਸਤੀ ਇਮਾਰਤਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ ਅਤੇ ਇਸ ਲਈ ਵਿਰਾਸਤੀ ਮੰਚ ਨਾਲ ਮਿਲ ਕੇ ਲੋਕ-ਰਾਇ ਬਣਾਈ ਜਾਵੇਗੀ। ਉਨ੍ਹਾਂ ਵਿਰਾਸਤੀ ਮੰਚ ਬਟਾਲਾ ਦੇ ਇਨ੍ਹਾਂ ਉਪਰਾਲਿਆਂ ਦੀ ਸਰਾਹਨਾ ਕੀਤੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਵਰਿਆਮ ਸਿੰਘ ਹੇਮਰਾਜਪੁਰ ਨੇ ਬੜੇ ਹੀ ਵਧੀਆ ਢੰਗ ਨਾਲ ਸ਼ੇਰੇ ਪੰਜਾਬ ਦੇ ਜੀਵਨ ਦੇ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸ਼ੇਰੇ ਪੰਜਾਬ ਸਿੰਘ ਕਾਹਲੋਂ, ਰਾਜਪ੍ਰੀਤ ਸਿੰਘ ਢਿੱਲੋਂ, ਪ੍ਰੋ. ਜਸਬੀਰ ਸਿੰਘ, ਇੰਦਰਪਾਲ ਸਿੰਘ ਬੈਂਸ, ਪ੍ਰਿੰਸੀਪਲ ਹਰਵੰਤ ਸਿੰਘ ਵਿਰਕ, ਕਿਸਾਨ ਆਗੂ ਗੁਰਮੀਤ ਸਿੰਘ ਮਗਰਾਲਾ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਨੁਮਾਇੰਦੇ ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਖ਼ਜ਼ਾਨਚੀ ਸੁਖਦੇਵ ਸਿੰਘ, ਵੈਬੀਜੋਤ ਸਿੰਘ ਕਾਹਲੋਂ, ਐੱਮ.ਸੀ. ਜਰਮਨਜੀਤ ਸਿੰਘ, ਸੁਖਦੇਵ ਸਿੰਘ ਹਰਪੁਰਾ, ਮੋਹਨ ਸਿੰਘ ਹਰਪੁਰਾ, ਬਲਕਾਰ ਸਿੰਘ, ਮਨਬੀਰ ਸਿੰਘ, ਸਤਿਬੀਰ ਸਿੰਘ ਢਿਲੋਂ, ਸਰਪੰਚ ਮਨਦੀਪ ਸਿੰਘ ਟਣਾਨੀਵਾਲ, ਬਲਵਿੰਦਰ ਸਿੰਘ ਪੰਜਗਰਾਈਆਂ, ਸਿੰਕਰਦ ਸਿੰਘ ਸਰਪੰਚ ਕਰਨਾਮਾ, ਰਾਮ ਸਿੰਘ, ਰਾਜਬੀਰ ਸਿੰਘ ਵਿੰਝਵਾਂ, ਸੁਖਵਿੰਦਰ ਸਿੰਘ ਪਾਹੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਵੀ ਹਾਜ਼ਰ ਸੀ।