ਵਿਰਾਸਤੀ ਮੰਚ ਵੱਲੋਂ ਸੰਗਤਾਂ ਨੂੰ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ
ਬਟਾਲਾ, 28 ਜੂਨ ( IPT BUREAU ਵਿਰਾਸਤੀ ਮੰਚ, ਬਟਾਲਾ (ਰਜਿ:) ਵੱਲੋਂ 29 ਜੂਨ ਨੂੰ ਸ਼ਾਹੀ ਬਾਰਾਂਦਰੀ, ਦੀਨਾਨਗਰ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 185ਵੀਂ ਬਰਸੀ ਪੂਰੀ ਸ਼ਰਧਾ-ਭਾਵਨਾ ਨਾਲ ਮਨਾਈ ਜਾਵੇਗੀ। ਬਰਸੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਰਾਸਤੀ ਮੰਚ ਬਟਾਲਾ ਦੇ ਸਰਪਰਸਤ ਐਡਵੋਕੇਟ ਐੱਚ.ਐੱਸ. ਮਾਂਗਟ ਅਤੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੰਚ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਬਟਾਲਾ ਵਿਖੇ ਹੋਈ।
ਵਿਰਾਸਤੀ ਮੰਚ, ਬਟਾਲਾ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਿਰਾਸਤੀ ਮੰਚ ਬਟਾਲਾ ਵੱਲੋਂ ਦੀਨਾਨਗਰ ਵਿਖੇ ਕਰਵਾਏ ਜਾਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੀਨਾਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਵਿਖੇ ਬਰਸੀ ਸਮਾਗਮ 29 ਜੂਨ ਨੂੰ ਸਵੇਰੇ 10:00 ਵਜੇ ਸ਼ੁਰੂ ਹੋਵੇਗਾ ਜੋ ਦੁਪਹਿਰ 1:00 ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਡੀ ਜਥੇ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਪ੍ਰਸੰਗ ਨੂੰ ਪੇਸ਼ ਕਰਨ ਦੇ ਨਾਲ ਵੱਖ-ਵੱਖ ਵਿਦਵਾਨਾਂ ਵੱਲੋਂ ਸ਼ੇਰ-ਏ-ਪੰਜਾਬ ਦੇ ਜੀਵਨ ਉੱਪਰ ਰੌਸ਼ਨੀ ਪਾਈ ਜਾਵੇਗੀ।
ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਨੇ ਵਿਰਾਸਤੀ ਮੰਚ ਵੱਲੋਂ ਸੰਗਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ 29 ਜੂਨ ਨੂੰ ਸਵੇਰੇ 10:00 ਵਜੇ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿਖੇ ਪਹੁੰਚ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਡੀ.ਪੀ.ਆਰ.ਓ. ਇੰਦਜੀਤ ਸਿੰਘ ਹਰਪੁਰਾ, ਠੇਕੇਦਾਰ ਕੁਲਜਿੰਦਰ ਸਿੰਘ ਲਾਡੀ, ਪ੍ਰੋ. ਜਸਬੀਰ ਸਿੰਘ, ਆਰਕੀਟੈਕਟ ਅਸ਼ੋਕ ਕਮੁਾਰ, ਕਿਸਾਨ ਆਗੂ ਸ਼ੇਰੇ ਪੰਜਾਬ ਸਿੰਘ, ਡਾ. ਰਵਿੰਦਰ ਸਿੰਘ, ਸੁਖਦੇਵ ਸਿੰਘ ਫੈਜਪੁਰਾ, ਅਨੁਰਾਗ ਮਹਿਤਾ, ਵਿਕਾਸ ਮਹਿਤਾ ਵੀ ਹਾਜ਼ਰ ਸਨ।




