ਚੰਡੀਗੜ੍ਹ (IPT BUREAU)ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਸਾਂਝੇ ਯਤਨਾਂ ਨਾਲ ਮਹੀਨਾਵਾਰ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ 26 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਾਹਿਤ, ਮੀਡੀਆ ਅਤੇ ਪੱਤਰਕਾਰੀ ਨਾਲ ਸਬੰਧਤ ਸ਼ਖ਼ਸੀਅਤ ਡਾ ਲਖਵਿੰਦਰ ਜੌਹਲ ਨਾਲ ਵਿਸ਼ੇਸ਼ ਰੂਬਰੂ ਕੀਤਾ ਗਿਆ। ਇਸ ਰੂਬਰੂ ਦਾ ਸੰਚਾਲਨ ਪ੍ਰੋ ਕੁਲਜੀਤ ਕੌਰ ਨੇ ਬਾਖੂਬੀ ਕੀਤਾ। ਡਾ ਜੌਹਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ, ਪੰਜਾਬ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ,ਲੋਕ ਮੰਚ ਪੰਜਾਬ ਦੇ ਚੇਅਰਮੈਨ ਹਨ ਉਹ ਲੰਮਾ ਸਮਾਂ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਰਹੇ। ਡਾ ਲਖਵਿੰਦਰ ਜੌਹਲ ਨੇ ਆਪਣੇ ਇਨਕਲਾਬੀ ਵਿਚਾਰਾਂ ਵਾਲੇ ਪਿਤਾ ਸ੍ਰ ਗੁਰਦੀਪ ਸਿੰਘ ਦੀ ਵਿਚਾਰਧਾਰਾ ਦਾ ਆਪਦੀ ਸ਼ਖ਼ਸੀਅਤ ਉੱਪਰ ਬਹੁਤ ਪ੍ਰਭਾਵ ਮਹਿਸੂਸ ਕਰਦੇ ਹਨ। ਮਾਤਾ ਰਾਜਿੰਦਰ ਕੌਰ ਦੇ ਪਿਆਰ ਅਤੇ ਆਸ਼ੀਰਵਾਦ ਨੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਡਾ ਜੌਹਲ ਨੇ ਦੱਸਿਆ ਕਿ ਉਨ੍ਹਾਂ ਦੇ ਵਿਦਿਅਕ ਜੀਵਨ ਵਿੱਚ ਡਾ ਰਘਬੀਰ ਸਿਰਜਣਾ ਅਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੇ ਬਤੌਰ ਅਧਿਆਪਕ ਉਹਨਾਂ ਤੇ ਬਹੁਤ ਪ੍ਰਭਾਵ ਪਾਇਆ। ਉਪਰੰਤ ਐਮ ਏ ਕਰਕੇ ਪਹਿਲਾਂ ਨਵਾਂ ਜ਼ਮਾਨਾ ਵਿੱਚ ਕਾਰਜ ਸ਼ੀਲ ਰਹੇ ਜਿੱਥੇ ਸੁਰਜਣ ਜੀਰਵੀ ਤੋਂ ਉਹਨਾਂ ਬਹੁਤ ਕੁਝ ਸਿੱਖਿਆ। ਫੇਰ ਰੋਜ਼ਾਨਾ ਅਜੀਤ ਵਿੱਚ ਨੌਕਰੀ ਕਰਦਿਆਂ ਡਾ ਸਾਧੂ ਸਿੰਘ ਹਮਦਰਦ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਦੂਰਦਰਸ਼ਨ ਜਲੰਧਰ ਦੀ ਨੌਕਰੀ ਦੇ ਮੁਢਲੇ ਦਿਨਾਂ ਵਿੱਚ ਉਹਨਾਂ ਨੂੰ ਸ੍ਰੀ ਕੇ ਕੇ ਰੱਤੂ , ਸ੍ਰੀ ਹਰਜੀਤ ਸਿੰਘ ਵਰਗੀਆਂ ਸਖਸ਼ੀਅਤਾਂ ਨਾਲ ਕੰਮ ਕਰਨ ਦਾ ਅਤੇ ਸਿੱਖਣ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਕਾਰਜ ਕਾਲ ਦੌਰਾਨ ਬਤੌਰ ਪ੍ਰੋਡਿਊਸਰ ਬਹੁਤ ਸਾਰੇ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿਕਾਸ ਸਬੰਧੀ ਕੀਤੇ । ਆਕਾਸ਼ਵਾਣੀ ਜਲੰਧਰ ਵਿਖੇ ਵੀ ਕਵੀ ਦਰਬਾਰ ਅਤੇ ਹੋਰ ਪ੍ਰੋਗਰਾਮਾਂ ਵਿੱਚ ਬਤੌਰ ਮਾਹਿਰ ਸ਼ਾਮਲ ਹੁੰਦੇ ਰਹੇ। ਦੂਰਦਰਸ਼ਨ ਲਈ ਉਹਨਾਂ ਸ੍ਰੀ ਹਰਿਮੰਦਰ ਸਾਹਿਬ , ਸ਼ਹੀਦ ਭਗਤ ਸਿੰਘ ਬਾਰੇ,ਜ਼ੋ ਡਾਕੂਮੈਂਟਰੀ ਬਣਾਈ ਉਸਨੂੰ ਉਹ ਆਪਣੇ ਵਿਸ਼ੇਸ਼ ਕੰਮਾਂ ਵਿੱਚ ਗਿਣਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਸਾਹਿਤਕ ਪ੍ਰੋਗਰਾਮ, ਮੰਨੋਰੰਜਨ ਭਰਪੂਰ ਪ੍ਰੋਗਰਾਮ ਉਹ ਰੁਟੀਨ ਵਿਚ ਕਰਵਾਉਂਦੇ ਰਹੇ। ਉਹਨਾਂ ਨੇ ਪੰਜਾਬੀ ਟੀ ਵੀ ਸੀਰੀਅਲ ਦਾ ਵੀ ਨਿਰਮਾਣ ਕੀਤਾ। ਉਹਨਾਂ ਨੇ ਆਪਣੀਆਂ ਕਾਵਿ ਪੁਸਤਕ ਮਨੋਵੇਗ , ਬਹੁਤ ਦੇਰ ਹੋਈ, ਸਾਹਵਾਂ ਦੀ ਸਰਗਮ, ਬਲੈਕ ਹੋਲ,ਇਕ ਸੁਪਨਾ ਇਕ ਸੰਵਾਦ, ਸ਼ਬਦਾਂ ਦੀ ਸੰਸਦ, ਬਹਿਸ ਤੋਂ ਬੇਖ਼ਬਰ,ਲਹੂ ਦੇ ਲਫ਼ਜ਼,ਪਾਣੀ ਹੋਏ ਵਿਚਾਰ, ਅੱਥਰੂ ਦੀ ਆਤਮ ਕਥਾ ਲਿਖੇ। ਉਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਮਿਲੇ ਹਨ। ਡਾ ਲਖਵਿੰਦਰ ਜੌਹਲ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਰਚਨਾਵਾਂ
ਦੋ ਹਰਫ਼ਾਂ ਤੋਂ ਰੋਟੀ ਬਣਦੀ ਦੋ ਹਰਫ਼ਾਂ ਤੋਂ ਭਾਸ਼ਾ
ਦੋਵੇਂ ਖੋਹੀਆਂ ਜਾਣ ਜਦੋਂ ਵੀ ਹੁੰਦੀ ਘੋਰ ਨਿਰਾਸ਼ਾ ਮਰਦੀ ਆਸ਼ਾ
ਅਤੇ ਬੀਵੀ ਉਦਾਸ ਹੈ ਸੁਣਾਈਆਂ
ਉਹਨਾਂ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਵਿੱਚ ਸ਼ਬਦ ਚਿੱਤਰ; ਹਾਜ਼ਰ ਗ਼ੈਰਹਾਜ਼ਰ ਦਾ ਵਿਸ਼ੇਸ਼ ਜ਼ਿਕਰ ਕੀਤਾ। ਆਪਣੇ ਪਰਿਵਾਰ ਵੱਲੋਂ ਮਿਲਦੇ ਸਹਿਯੋਗ ਉਪਰ ਉਹਨਾਂ ਤਸੱਲੀ ਪ੍ਰਗਟ ਕੀਤੀ। ਆਪਣੇ ਬਾਕੀ ਭੈਣ ਭਰਾਵਾਂ ਦੀ ਪੰਜਾਬੀ ਭਾਸ਼ਾ ਪ੍ਰਤੀ ਲਗਨ ਬਾਰੇ ਦੱਸਿਆ। ਪੰਜਾਬੀ ਭਾਸ਼ਾ ਨੂੰ ਵਰਤਮਾਨ ਸਮੇਂ ਦਰਪੇਸ਼ ਚੁਨੌਤੀਆਂ ਉਪਰ ਵੀ ਉਹਨਾਂ ਖੁੱਲ ਕੇ ਵਿਚਾਰ ਪ੍ਰਗਟ ਕੀਤੇ। ਉਹਨਾਂ ਆਪਣੇ ਮੈਗਜ਼ੀਨ ਕਾਵਿ ਲੋਕ ਅਤੇ ਆਪਣੀ ਆਵਾਜ਼ ਮੈਗਜ਼ੀਨ ਬਾਰੇ ਵੀ ਜਾਣਕਾਰੀ ਦਿੱਤੀ। ਸ੍ਰੀ ਸੁਰਿੰਦਰ ਸੁੰਨੜ ਜੀ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਹਨਾਂ ਦੀ ਵਿਸ਼ੇਸ਼ ਵਡਿਆਈ ਕੀਤੀ।
Adv.
ਇਸ ਪ੍ਰੋਗਰਾਮ ਵਿੱਚ ਪ੍ਰੋ ਜਾਗੀਰ ਸਿੰਘ ਕਾਹਲੋਂ ਨੇ ਡਾ ਲਖਵਿੰਦਰ ਜੌਹਲ ਜੀ ਦੀ ਸਾਦਗੀ ਅਤੇ ਮਿਲਾਪੜੇ ਸੁਭਾਅ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦੁਆਰਾ ਪੰਜਾਬੀ ਪ੍ਰਤੀ ਸੰਜੀਦਗੀ ਦਾ ਜ਼ਿਕਰ ਵੀ ਕੀਤਾ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਸੁਰਜੀਤ ਕੌਰ ਨੇ ਡਾ ਜੌਹਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਹਨਾਂ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਕੀਤੇ ਜਾਂਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਵੀ ਕੀਤੀ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਰਮਿੰਦਰ ਰੰਮੀ ਨੇ ਡਾ ਲਖਵਿੰਦਰ ਜੌਹਲ ਦਾ ਧੰਨਵਾਦ ਕੀਤਾ ਅਤੇ ਉਹਨਾਂ ਵਲੋਂ ਸਿਰਜਣਾ ਦੇ ਆਰ ਪਾਰ ਵਿੱਚ ਸ਼ਾਮਲ ਹੋਣ ਨੂੰ ਇਸ ਪ੍ਰੋਗਰਾਮ ਲਈ ਮਾਣ ਦਾ ਸਬੱਬ ਦੱਸਿਆ। ਰਮਿੰਦਰ ਰੰਮੀ ਨੇ ਪ੍ਰੋ ਕੁਲਜੀਤ ਕੌਰ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਬਹੁਤ ਹੀ ਮੰਝੇ ਹੋਏ ਐਂਕਰ ਤੇ ਟੀ ਵੀ ਹੋਸਟ ਵੀ ਨੇ , ਆਪਣੇ ਨਿਵੇਕਲੇ ਅੰਦਾਜ਼ ਵਿੱਚ ਬਹੁਤ ਸ਼ਾਨਦਾਰ ਰੂਬਰੂ ਕਰਦੇ ਹਨ ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮੁਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਸਮੁੱਚੇ ਪ੍ਰੋਗਰਾਮ ਉਪਰ ਆਪਣੇ ਪ੍ਰਤੀਕਰਮ ਪੇਸ਼ ਕੀਤੇ ਅਤੇ ਡਾ ਜੌਹਲ ਨਾਲ ਉਹਨਾਂ ਦੀ ਸਿਰਜਣ ਪ੍ਰਕਿਰਿਆ ਸਬੰਧੀ ਵੀ ਗੱਲਬਾਤ ਕੀਤੀ। ਉਹਨਾਂ ਡਾ ਜੌਹਲ ਨੂੰ ਇਕ ਚਿੰਤਕ ਕਵੀ ਅਤੇ ਮੀਡੀਆ ਨਾਲ ਜੁੜੀ ਅਜਿਹੀ ਸ਼ਖ਼ਸੀਅਤ ਦੱਸਿਆ ਜਿਹਨਾਂ ਦਾ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਮੁਕਾਮ ਹੈ।ਇਸ ਪ੍ਰੋਗਰਾਮ ਵਿੱਚ ਡਾ ਜੌਹਲ ਵੱਲੋਂ ਆਪਣੇ ਜੀਵਨ ਸਬੰਧੀ ਦਿੱਤੀ ਜਾਣਕਾਰੀ ਨੂੰ ਹਰ ਦਰਸ਼ਕ ਲਈ ਜਾਣਕਾਰੀ ਭਰਪੂਰ ਦੱਸਿਆ।
Adv.
ਸਮੁੱਚੇ ਤੌਰ ਤੇ ਇਹ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਰਿਹਾ ਇਸ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਰਿਪੋਰਟ ਪ੍ਰੋ ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।