
ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਏਸ਼ੀਆ ਦੀਆਂ ਦੋ ਵੱਡੀਆਂ ਬਾਦਸ਼ਾਹੀਆਂ ਦੇ ਤਖ਼ਤਾਂ ਦੀ ਗਵਾਹ ਰਹੀ ਹੈ। ਕਲਾਨੌਰ ਵਿਖੇ ਮੁਗਲ ਬਾਦਸ਼ਾਹ ਜਲਾਲੁੱਦੀਨ ਮਹੁੰਮਦ ਅਕਬਰ ਦਾ ਤਖ਼ਤ-ਏ-ਅਕਬਰੀ ਅਤੇ ਦੀਨਾਨਗਰ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਤਖ਼ਤ ਅੱਜ ਵੀ ਬਾਰੀ ਦੁਆਬ ਦੀ ਧਰਤੀ ਦੀ ਸ਼ਾਨ ਦੀ ਗਵਾਹੀ ਭਰਦੇ ਹਨ।

ਕਲਾਨੌਰ ਵਿਖੇ 14 ਫਰਵਰੀ 1556 ਨੂੰ 13 ਸਾਲ 4 ਮਹੀਨੇ ਦੀ ਉਮਰ ਦੇ ਜਲਾਲੁੱਦੀਨ ਮਹੁੰਮਦ ਅਕਬਰ ਦੀ ਮੁਗਲ ਸਲਤਨਤ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਹੋਈ ਸੀ। ਬਾਦਸ਼ਾਹ ਅਕਬਰ ਦੇ ਸਰਪਰਸਤ ਬੈਰਮ ਖਾਂ ਨੇ ਅਕਬਰ ਦੀ ਤਾਜਪੋਸ਼ੀ ਲਈ ਜੋ ਚਬੂਤਰਾ ਤਿਆਰ ਕੀਤਾ ਉਸ ਨੂੰ ਤਖ਼ਤ-ਏ-ਅਕਬਰੀ ਕਿਹਾ ਗਿਆ।
Adv.
ਇਸ ਇਤਿਹਾਸਕ ਥਾਂ ਦੇ ਮਹੱਤਵ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਪੁਰਾਤੱਤਵ ਵਿਭਾਗ ਨੇ 14 ਅਪ੍ਰੈਲ 1920 ਨੂੰ ਇਸਨੂੰ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਸੀ। ਅੱਜ ਵੀ ਇਸ ਸਮਾਰਕ ਦੀ ਸੰਭਾਲ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਪੰਜਾਬੀਆਂ ਦੇ ਮਕਬੂਲ ਮਹਾਰਾਜੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਖ਼ਾਲਸਾ ਜੀ ਦੀ ਗਰਮੀਆਂ ਦੀ ਰਾਜਧਾਨੀ ਦੀਨਾਨਗਰ (ਪਹਿਲਾ ਨਾਮ ਅਦੀਨਾ ਨਗਰ) ਵਿਖੇ ਸਮਰ ਪੈਲੇਸ `ਚ ਹਲੀਮੀ ਰਾਜ ਦਾ ਤਖ਼ਤ ਵੀ ਮੌਜੂਦ ਹੈ। ਇਸ ਤਖ਼ਤ ਉੱਪਰ ਬੈਠ ਕੇ ਸ਼ੇਰ-ਏ-ਪੰਜਾਬ ਨੇ ਕਈ ਵੱਡੇ ਫੈਸਲੇ ਲਏ ਸਨ। ਇਸੇ ਤਖ਼ਤ ਉੱਪਰ ਬੈਠ ਕੇ ਸਰਕਾਰ ਖ਼ਾਲਸਾ ਵੱਲੋਂ ਅੰਗਰੇਜ਼ੀ ਹਕੂਮਤ ਨਾਲ ਅਫ਼ਗਾਨਿਸਤਾਨ ਦੀ ਤਖ਼ਤ ਨਸ਼ੀਨੀ ਬਾਰੇ ਸੰਧੀ ਕੀਤੀ ਗਈ ਸੀ।
Adv.
ਦੀਨਾਨਗਰ ਵਿੱਚ ਸਰਕਾਰ ਖ਼ਾਲਸਾ ਜੀ ਦੇ ਤਖ਼ਤ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਲੋਕ ਸ਼ੇਰ-ਏ-ਪੰਜਾਬ ਦੀ ਸ਼ਾਹੀ ਬਾਰਾਂਦਰੀ ਦੀਆਂ ਛੱਤਾਂ ਉਖਾੜ ਕੇ ਲੈ ਗਏ ਹਨ। ਛੱਤਾਂ ਤੋਂ ਬਿਨ੍ਹਾਂ ਸ਼ਾਹੀ ਬਾਰਾਂਦਰੀ ਦਾ ਢਾਂਚਾ ਅਤੇ ਬਾਹਰ ਸ਼ਾਹੀ ਤਖ਼ਤ ਅੱਜ ਆਪਣੀ ਹੋਣੀ ਉੱਪਰ ਹੰਝੂ ਵਹਾ ਰਹੇ ਹਨ।
Adv.
ਭਾਂਵੇ ਕਿ ਪੰਜਾਬ ਸਰਕਾਰ ਵੱਲੋਂ ਸੰਨ 2010 ਵਿੱਚ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਨੂੰ ਸੁਰੱਖਿਅਤ ਸਮਾਰਕ ਦਾ ਦਰਜਾ ਦਿੱਤਾ ਗਿਆ ਹੈ ਪਰ ਕੁਝ ਅਦਾਲਤੀ ਕੇਸਾਂ ਕਾਰਨ ਬਾਰਾਂਦਰੀ ਦੀ ਸੰਭਾਲ ਦਾ ਪ੍ਰੋਜੈਕਟ ਅਜੇ ਲਟਕਿਆ ਹੋਇਆ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਹੋਣ `ਤੇ ਸਰਕਾਰ ਖ਼ਾਲਸਾ ਜੀ ਦੇ ਹਲੀਮੀ ਰਾਜ ਦਾ ਇਹ ਤਖ਼ਤ ਵੀ ਸੁਰੱਖਿਅਤ ਹੋਵੇ। ਆਉਣ ਵਾਲੀਆਂ ਨਸਲਾਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ `ਤੇ ਦੋ ਵੱਡੀਆਂ ਬਾਦਸ਼ਾਹੀਆਂ ਦੇ ਇਹ ਤਖ਼ਤ ਸੁਰੱਖਿਅਤ ਰਹਿਣੇ ਬੇਹੱਦ ਜਰੂਰੀ ਹਨ।
ਧੰਨਵਾਦ ਸਹਿਯੋਗ:-
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
98155-77574

