ਪ੍ਰਕਾਸ਼ ਦੀ ਦਿਸ਼ਾ ਬਦਲਣ ਵਾਲਾ ਅਣਗੌਲਿਆ ਸਾਇੰਸਦਾਨ ਡਾ. ਨਰਿੰਦਰ ਸਿੰਘ ਕਪਾਨੀ ,ਦੁਨੀਆ ਵਿੱਚ ਕਪਾਨੀ ਨੂੰ ਫਾਦਰ ਆਫ ਫਾਈਬਰ ਆਪਟਿਕਸ ਦੇ ਖਿਤਾਬ ਨਾਲ ਜਾਣਿਆ ਜਾਂਦਾ ਹੈ।

ਪ੍ਰਕਾਸ਼ ਦੀ ਦਿਸ਼ਾ ਬਦਲਣ ਵਾਲਾ ਅਣਗੌਲਿਆ ਸਾਇੰਸਦਾਨ ਡਾ. ਨਰਿੰਦਰ ਸਿੰਘ ਕਪਾਨੀ
(ਜਨਮਦਿਵਸ ਤੇ ਵਿਸ਼ੇਸ਼)

 

IPT BUREAU

ਹਿਮਾਲਿਆ ਦੀਆਂ ਤਹਿਆਂ ਵਿੱਚ ਵੱਸਦੇ ਸ਼ਹਿਰ ਦੇਹਰਾਦੂਨ ਦੇ ਇੱਕ ਹਾਈ ਸਕੂਲ ਵਿੱਚ ਪੜ੍ਹਦੇ ਬੱਚੇ ਨੂੰ ਜਦੋਂ ਉਸਦੇ ਸਾਇੰਸ ਅਧਿਆਪਕ ਨੇ ਦੱਸਿਆ ਕਿ ਪ੍ਰਕਾਸ਼ ਕੇਵਲ ਸਿੱਧੀਆਂ ਰੇਖਾਵਾਂ ਵਿੱਚ ਯਾਤਰਾ ਕਰਦਾ ਹੈ ਤਾਂ ਉਸ ਦਾ ਦਿਮਾਗ ਇਸ ਗੱਲ ਨਾਲ ਸਹਿਮਤ ਨਹੀ ਹੋਇਆ। ਦਰਅਸਲ ਨਰਿੰਦਰ ਸਿੰਘ ਨਾਮ ਦਾ ਇਹ ਬੱਚਾ ਕਈ ਸਾਲਾਂ ਤੋਂ ਇਕ ਬਾਕਸ ਕੈਮਰੇ ਨਾਲ ਖੇਡਦਾ ਸੀ ਅਤੇ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਪ੍ਰਕਾਸ਼ ਨੂੰ ਲੈਂਸ ਅਤੇ ਪ੍ਰਿਜ਼ਮ ਨਾਲ ਵੱਖ ਵੱਖ ਦਿਸ਼ਾਵਾਂ ਵਿੱਚ ਮੋੜਿਆ ਜਾ ਸਕਦਾ ਹੈ। ਜਦ ਉਸ ਬੱਚੇ ਨੇ ਅਧਿਆਪਕ ਪਾਸੋਂ ਇਸ ਬਾਰੇ ਸਵਾਲ ਪੁੱਛਣਾ ਚਾਹਿਆ ਤਾਂ ਅਧਿਆਪਕ ਨੇ ਝਿੜਕ ਕੇ ਉਸ ਦੇ ਸਵਾਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਤਾਂ ਉਹ ਬੱਚਾ ਚੁੱਪ ਰਿਹਾ ਪਰ ਪ੍ਰਕਾਸ਼ ਬਾਰੇ ਇਹ ਉਤਸੁਕਤਾ ਉਸਦੇ ਦਿਮਾਗ ਵਿੱਚ ਪੂਰੀ ਤਰਾਂ ਘਰ ਕਰ ਗਈ ਅਤੇ ਆਪਣੀ ਸਾਰੀ ਜਿੰਦਗੀ ਉਸ ਨੇ ਇਸ ਵਿਸ਼ੇ ‘ਤੇ ਖੋਜ ਅਤੇ ਵਿਕਾਸ ਕਾਰਜ ਕੀਤੇ। 1999 ਵਿੱਚ ਅਮਰੀਕਾ ਦੇ ਫੌਰਚੂਨ ਰਸਾਲੇ ਵਿੱਚ ਦੁਨੀਆ ਦੇ ਸੱਤ ਇਸ ਤਰਾਂ ਦੇ ਸਾਇੰਸਦਾਨਾਂ ਬਾਰੇ ਲਿਖਿਆ ਗਿਆ ਸੀ ਜਿਨ੍ਹਾਂ ਦਾ ਵੀਹਵੀਂ ਸਦੀ ਵਿੱਚ ਇਨਸਾਨੀਅਤ ਦੀ ਤਰੱਕੀ ਲਈ ਸਭ ਤੋਂ ਜਿਆਦਾ ਯੋਗਦਾਨ ਰਿਹਾ। ਉਨ੍ਹਾਂ ਵਿੱਚੋਂ ਡਾ. ਨਰਿੰਦਰ ਸਿੰਘ ਕਪਾਨੀ ਇੱਕ ਅਜਿਹੇ ਸਾਇੰਸਦਾਨ ਹਨ ਜਿਨ੍ਹਾਂ ਦਾ ਅੱਜ ਦੇ ਤਕਨੀਕੀ ਯੁੱਗ ਲਈ ਬਹੁਤ ਹੀ ਵੱਡਾ ਯੋਗਦਾਨ ਰਿਹਾ। ਡਾ. ਕਪਾਨੀ ਨੂੰ `ਫਾਈਬਰ ਆਪਟਿਕਸ ਦੇ ਪਿਤਾਮਾ` ਵੱਜੋਂ ਜਾਣਿਆ ਜਾਂਦਾ ਹੈ। ਸੂਚਨਾ ਅਤੇ ਸੰਚਾਰ ਵਿੱਚ ਜਿਸ ਇੰਟਰਨੈਟ ਦਾ ਵਿਸ਼ੇਸ਼ ਯੋਗਦਾਨ ਹੈ, ਉਸ ਦੇ ਪ੍ਰਸਾਰ ਅਤੇ ਗਤੀ ਦਾ ਅਧਾਰ ਆਪਟੀਕਲ ਫਾਈਬਰਜ਼ ਹੀ ਹਨ।
ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ਜਿਲ੍ਹੇ ਦੇ ਇਕ ਸਿੱਖ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਸੁੰਦਰ ਸਿੰਘ ਕਪਾਨੀ ਕੋਲੇ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਮਾਤਾ ਕੁੰਦਨ ਕੌਰ ਇਕ ਘਰੇਲੂ ਔਰਤ ਸੀ। ਨਰਿੰਦਰ ਸਿੰਘ ਦੀ ਮੁੱਢਲੀ ਪਰਵਰਿਸ਼ ਅਤੇ ਪੜ੍ਹਾਈ ਦੇਹਰਾਦੂਨ ਵਿਖੇ ਹੋਈ। ਆਗਰਾ ਵਿਸ਼ਵਵਿਦਿਆਲਿਆ ਤੋਂ ਗਰੈਜੂਏਸ਼ਨ ਉਪਰੰਤ ਇਨ੍ਹਾਂ ਨੇ ਇੰਡੀਅਨ ਆਰਡਿਨੈਂਸ ਫੈਕਟਰੀ ਅਫਸਰ ਵੱਜੋਂ ਸੇਵਾਵਾਂ ਨਿਭਾਈਆਂ। 1952 ਵਿੱਚ ਕਪਾਨੀ ਇੰਪੀਰੀਅਲ ਕਾਲਜ ਲੰਡਨ ਵਿਖੇ ਆਪਟਿਕਸ ਵਿੱਚ ਡਾਕਟਰੇਟ ਦੀ ਡਿਗਰੀ ਲਈ ਗਏ ਜੋ ਕਿ ਉਨ੍ਹਾਂ ਨੇ 1955 ਵਿੱਚ ਹਾਸਲ ਕਰ ਲਈ।
ਜਦੋਂ ਉਹ 1952 ਵਿੱਚ ਇੰਪੀਰੀਅਲ ਕਾਲਜ ਲੰਡਨ ਦੇ ਗ੍ਰੈਜੂਏਟ ਸਕੂਲ ਵਿੱਚ ਦਾਖਲ ਹੋਏ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੇ ਨਹੀਂ ਸੀ ਅਤੇ ਕਈ ਦਹਾਕਿਆਂ ਤੋਂ ਪੂਰੇ ਯੂਰਪ ਦੇ ਖੋਜਕਰਤਾ ਲਚਕੀਲੇ ਕੱਚ ਦੇ ਫਾਈਬਰਾਂ ਰਾਹੀਂ ਰੌਸ਼ਨੀ ਨੂੰ ਸੰਚਾਰਿਤ ਕਰਨ ਦੇ ਤਰੀਕਿਆਂ ਦਾ ਅਧਿਅਨ ਕਰ ਰਹੇ ਸਨ। ਉਹਨਾਂ ਵਿਗਿਆਨੀਆਂ ਵਿੱਚੋਂ ਇੱਕ, ਹੈਰੋਲਡ ਹੌਪਕਿਨਜ਼ ਨੂੰ ਉਨ੍ਹਾਂ ਨੇ ਆਪ ਨੂੰ ਇੱਕ ਖੋਜ ਸਹਾਇਕ ਵਜੋਂ ਨਿਯੁਕਤ ਕਰਨ ਲਈ ਮਨਾ ਲਿਆ। ਪ੍ਰੋਫ਼ੈਸਰ ਹੌਪਕਿਨਜ਼ ਇੱਕ ਮਜ਼ਬੂਤ ਸਿਧਾਂਤਕਾਰ ਸਨ ਅਤੇ ਡਾ. ਕਪਾਨੀ ਤਕਨੀਕੀ ਤੌਰ ਤੇ ਵਧੇਰੇ ਦਿਮਾਗ਼ ਵਾਲੇ ਅਤੇ ਵਿਹਾਰਕ ਪੱਖ ਨੂੰ ਸਮਝਣ ਵਾਲੇ ਸਨ। 1955 ਵਿੱਚ ਨੇਚਰ ਮੈਗਜ਼ੀਨ ਵਿੱਚ ਦੋਨਾਂ ਦਾ ਖੋਜ-ਪੱਤਰ ਛਪਿਆ ਜਿਸ ਵਿੱਚ ਇਹ ਦਰਸਾਇਆ ਗਿਆ ਕਿ ਕਿਵੇਂ ਹਜਾਰਾਂ ਬਹੁਤ ਹੀ ਬਰੀਕ ਕੱਚ ਦੇ ਰੇਸ਼ੇ (ਫਾਈਬਰ) ਇਕੱਠੇ ਕਰਕੇ ਉਹਨਾਂ ਨੂੰ ਸਿਰੇ ਤੋਂ ਅੰਤ ਤੱਕ ਜੋੜਨਾ ਹੈ। ਦੋਨ੍ਹਾਂ ਨੇ ਇਕੱਠਿਆਂ ਆਪਟੀਕਲ ਫਾਈਬਰ ਤੇ ਮਹੱਤਵਪੂਰਣ ਪ੍ਰਾਪਤੀਆਂ ਕੀਤੀਆਂ ਪਰੰਤੂ ਦੋਨ੍ਹੋ ਸਾਇੰਸਦਾਨ ਵੱਡੀਆਂ ਸ਼ਖਸੀਅਤਾਂ ਦੇ ਮਾਲਕ ਸਨ ਅਤੇ ਇਸ ਖੋਜ-ਪੱਤਰ ਦੇ ਛਪਣ ਤੋਂ ਬਾਅਦ ਜਲਦ ਹੀ ਦੋਨ੍ਹਾਂ ਦੇ ਰਸਤੇ ਵੱਖ ਵੱਖ ਹੋ ਗਏ।
1955 ਵਿੱਚ ਆਪਣੀ ਡਾਕਟਰੇਟ ਤੋਂ ਬਾਅਦ ਡਾ. ਕਪਾਨੀ ਦੀ ਸੋਚ ਭਾਰਤ ਵਾਪਸ ਆ ਕੇ ਆਪਣੀ ਕੰਪਨੀ ਸ਼ੁਰੂ ਕਰਨ ਦੀ ਸੀ ਪਰੰਤੂ ਇਕ ਪ੍ਰੌਫੈਸਰ ਦੋਸਤ ਦੇ ਸਮਝਾਉਣ ਤੇ ਉਹ ਅਮਰੀਕਾ ਚਲੇ ਗਏ ਅਤੇ ਯੂਨੀਵਰਸਿਟੀ ਆਫ ਰੋਚੈਸਟਰ, ਐਲ. ਏ. ਵਿੱਚ ਬਤੌਰ ਪ੍ਰੋਫੈਸਰ ਅਤੇ ਕੁਝ ਕੰਪਨੀਆਂ ਨਾਲ ਬਤੌਰ ਸਲਾਹਕਾਰ ਜੁੜ ਗਏ। ਇਸ ਤੋਂ ਬਾਅਦ ਕਪਾਨੀ ਨੇ ਅਮਰੀਕਾ ਦੀਆਂ ਕਈ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ। ਅਧਿਆਪਨ ਦੇ ਨਾਲ ਨਾਲ ਹੀ ਕਪਾਨੀ ਨੇ 1960 ਵਿੱਚ ਪਾਲੋ ਆਲਟੋ ਵਿਖੇ ਆਪਣੀ ਪਹਿਲੀ ਕੰਪਨੀ “ਆਪਟਿਕਸ ਟੈਕਨਾਲੋਜੀ” ਸ਼ੁਰੂ ਕੀਤੀ। 1967 ਵਿੱਚ ਕਪਾਨੀ ਨੇ ਆਪਣੀ ਇਸ ਕੰਪਨੀ ਨੂੰ ਪਬਲਿਕ ਕੀਤਾ। ਇਸ ਤੋਂ ਇਲਾਵਾ ਕਪਾਨੀ ਨੇ 1973 ਵਿੱਚ ਕੈਪਟ੍ਰੋਨ ਅਤੇ 1999 ਵਿੱਚ ਕੇ2 ਆਪਟ੍ਰਾਨਿਕਸ ਨਾਮ ਦੀਆਂ ਕੰਪਨੀਆਂ ਸ਼ੁਰੂ ਕੀਤੀਆਂ। ਸਮਾਜ ਲਈ ਆਪਣੇ ਅਸੀਮਤ ਯੋਗਦਾਨ ਤੋਂ ਬਾਅਦ 94 ਸਾਲ ਦੀ ਉਮਰ ਵਿੱਚ ਨਰਿੰਦਰ ਸਿੰਘ ਕਪਾਨੀ ਦਸੰਬਰ 2020 ਵਿੱਚ ਸੰਸਾਰ ਨੂੰ ਅਲਵਿਦਾ ਕਹਿ ਗਏ।

Adv.
ਬਤੌਰ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਦੇ ਕਈ ਖੋਜ-ਪੱਤਰ ਅਤੇ ਸੌ ਤੋਂ ਵੀ ਜ਼ਿਆਦਾ ਯੂ. ਅੇਸ. ਪੇਟੈਂਟ ਜਾਰੀ ਹੋਏ। ਦੁਨੀਆ ਵਿੱਚ ਕਪਾਨੀ ਨੂੰ ਫਾਦਰ ਆਫ ਫਾਈਬਰ ਆਪਟਿਕਸ ਦੇ ਖਿਤਾਬ ਨਾਲ ਜਾਣਿਆ ਜਾਂਦਾ ਹੈ। 2009 ਵਿੱਚ ਭੌਤਿਕ ਵਿਗਿਆਨ ਦੇ ਨੋਬਲ ਪ੍ਰਾਇਜ਼ ਲਈ ਕਪਾਨੀ ਸਭ ਤੋਂ ਜਿਆਦਾ ਕਾਬਲ ਦਾਵੇਦਾਰ ਸਨ ਪਰ ਕੁਝ ਕਾਰਨਾਂ ਕਰਕੇ ਫਾਇਬਰ ਆਪਟਿਕਸ ਲਈ ਇਹ ਅਵਾਰਡ ਚਾਰਲਸ ਕਾੳ ਨੂੰ ਦਿੱਤਾ ਗਿਆ। ਕਪਾਨੀ ਦੇ ਸਮਰਥਕਾਂ ਨੂੰ ਬਹੁਤ ਨਿਰਾਸ਼ਾ ਹੋਈ ਅਤੇ ਪੱਤਰਕਾਰ ਜਗਤ ਵਿੱਚ ਵੀ ਇਸ ਦਾ ਪੂਰਾ ਵਿਰੋਧ ਕੀਤਾ ਗਿਆ। ਕਪਾਨੀ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੁਨਿਆ ਦੀ ਤੱਰਕੀ ਵਿੱਚ ਆਪਣਾ ਯੋਗਦਾਨ ਪਾਉਣਾ ਕਿਸੇ ਵੀ ਪੁਰਸਕਾਰ ਤੋਂ ਜਿਆਦਾ ਮਾਇਨੇ ਰੱਖਦਾ ਹੈ।
ਨਰਿੰਦਰ ਸਿੰਘ ਕਪਾਨੀ ਜਿੱਥੇ ਇਕ ਮਹਾਨ ਸਾਇੰਸਦਾਨ ਅਤੇ ਉੱਦਮੀ ਸਨ, ਉਥੇ ਹੀ ਉਹ ਪੂਰੀ ਤਰਾਂ ਆਪਣੇ ਧਰਮ ਨਾਲ ਜੁੜੇ ਰਹਿਣ ਵਾਲੇ ਇਨਸਾਨ ਸਨ। ਸਾਰੀ ਉਮਰ ਉਨ੍ਹਾਂ ਨੇ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਿਆ। ਉਹ ਸਿੱਖ ਇਤਿਹਾਸ ਅਤੇ ਕਲਾ ਤੋਂ ਬੜੇ ਹੀ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਇਸ ਦੇ ਪ੍ਰਚਾਰ ਲਈ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਕਈ ਤਰਾਂ ਦੀ ਚਿੱਤਰਕਾਰੀ ਅਤੇ ਹੋਰ ਕਲਾ ਨਾਲ ਸਬੰਧਤ ਵਸਤੂਆਂ ਦਾ ਸੰਗ੍ਰਹਿ ਕੀਤਾ। ਇਹ ਸੰਗ੍ਰਹਿ ਦਾ ਕਾਫੀ ਹਿੱਸਾ ਉਨ੍ਹਾਂ ਨੇ ਏਸ਼ੀਅਨ ਆਰਟ ਮਿਊਜ਼ੀਅਮ ਸਨਫ੍ਰਾਨਸਿਸਕੋ ਨੂੰ ਇਸ ਸ਼ਰਤ ਤੇ ਦਿੱਤਾ ਕਿ ਉਥੇ ਇਹ ਹਮੇਸ਼ਾ ਪ੍ਰਦਰਸ਼ਿਤ ਰਹੇਗਾ। ਇਸ ਤੋਂ ਇਲਾਵਾ ਲੰਡਨ, ਟੋਰਾਂਟੋ, ਨਿਊਯਾਰਕ ਅਤੇ ਵਾਸ਼ਿੰਗਟਨ ਡੀਸੀ ਦੇ ਮਿਊਜ਼ੀਅਮ ਵਿੱਚ ਵੀ ਇਨ੍ਹਾਂ ਦਾ ਸੰਗ੍ਰਿਹ ਪ੍ਰਦਰਸ਼ਿਤ ਹੈ। 1967 ਵਿੱਚ ਕਪਾਨੀ ਵੱਲੋਂ ਸਿੱਖ ਫਾਊਂਡੇਸ਼ਨ ਨਾਮ ਦੀ ਸੰਸਥਾ ਦਾ ਗਠਨ ਕੀਤਾ ਗਿਆ ਜਿਸ ਅਧੀਨ ਸਿੱਖ ਕਲਾ ਦਾ ਪ੍ਰਦਰਸ਼ਨ, ਕਿਤਾਬਾਂ ਦਾ ਪ੍ਰਕਾਸ਼ਨ, ਸਿੱਖ ਇਤਿਹਾਸ ਨਾਲ ਜੁੜੀਆਂ ਇਮਾਰਤਾਂ ਦੀ ਦੇਖ ਭਾਲ ਅਤੇ ਰੱਖ ਰਖਾਵ ਅਤੇ ਹੋਰ ਕਈ ਤਰਾਂ ਦੇ ਸਮਾਜਿਕ ਕਾਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕਪਾਨੀ ਵੱਲੋਂ ਕਈ ਯੂਨੀਵਰਸਿਟੀਆਂ ਵਿੱਚ ਸਿੱਖ ਸਟਡੀਜ਼ ਲਈ ਚੇਅਰ ਸਥਾਪਤ ਕੀਤੀ ਗਈ।
ਨਰਿਦੰਰ ਸਿੰਘ ਕਪਾਨੀ ਨੂੰ ਬਹੁਆਯਾਮੀ ਸ਼ਖਸੀਅਤ ਕਿਹਾ ਜਾ ਸਕਦਾ ਹੈ। ਬਤੌਰ ਸਾਇੰਸਦਾਨ, ਵਿਗਿਆਨੀ, ਅਧਿਆਪਕ, ਉੱਦਮੀ ਅਤੇ ਸਮਾਜਸੇਵਕ ਇਕ ਜਿੰਦਗੀ ਵਿੱਚ ਸਮਾਜ ਲਈ ਇੰਨਾ ਯੋਗਦਾਨ ਪਾਉਣਾ ਇਕ ਵਿਲੱਖਣ ਵਿਅਕਤੀ ਹੀ ਕਰ ਸਕਦਾ ਹੈ। ਬਤੌਰ ਪੰਜਾਬੀ ਸਾਨੂੰ ਨਰਿੰਦਰ ਸਿੰਘ ਕਪਾਨੀ ਤੇ ਮਾਣ ਹੋਣਾ ਚਾਹੀਦਾ ਹੈ। ਇਹ ਸਾਡੇ ਲਈ ਦੁਖਾਂਤ ਹੈ ਕਿ ਅਸੀਂ ਅਜਿਹੀਆਂ ਸ਼ਖਸੀਅਤਾਂ ਦੇ ਯੋਗਦਾਨ ਤੋਂ ਆਪਣੇ ਸਮਾਜ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਜਾਣੂ ਨਹੀ ਕਰਵਾ ਪਾਉਂਦੇ। ਇਹ ਲੇਖ ਇਕ ਉਪਰਾਲਾ ਹੈ ਜਿਸ ਰਾਂਹੀ ਇਸ ਮਹਾਨ ਹਸਤੀ ਨੂੰ ਸਜਦਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਨੌਜਵਾਨ ਇਸ ਤੋਂ ਪ੍ਰੇਰਣਾ ਲੈਣਗੇ।

ਧੰਨਵਾਦ ਸਹਿਤ

ਇੰਜ ਜਸਬੀਰ ਸਿੰਘ
ਸਰਕਾਰੀ ਬਹੁਤਕਨੀਕੀ ਕਾਲਜ
ਬਟਾਲਾ
ਮੋ: 9914818333, 9501118333
Department of Technical Education & Industrial Training Punjab

Leave a Reply

Your email address will not be published. Required fields are marked *