ਇਤਿਹਾਸਕ ਨਜ਼ਰੀਏ ਤੋਂ ਦੇਖੀਏ ਤਾਂ ਦੀਨਾਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਅਮਰੀਕਾ ਦੇ ਵਸ਼ਿੰਗਟਨ ਡੀਸੀ ਦੇ ਵਾਈਟ ਹਾਊਸ ਨਾਲੋਂ ਵੀ ਜਿਆਦਾ ਉੱਚਾ ਮੁਕਾਮ ਰੱਖਦੀ ਹੈ। ਦੀਨਾਨਗਰ ਦੀ ਬਾਰਾਂਦਰੀ ਵਿੱਚ ਅਫ਼ਗਾਨਿਸਤਾਨ ਦੀ ਤਖ਼ਤ ਨਸ਼ੀਨੀ ਬਾਰੇ ਮਹਾਰਾਜਾ ਰਣਜੀਤ ਸਿੰਘ ਨੇ ਫ਼ੈਸਲਾ ਕੁਝ ਘੜੀਆਂ ਵਿੱਚ ਹੀ ਕਰ ਦਿੱਤਾ ਸੀ ਜੋ ਦੁਨੀਆਂ ਦੀਆਂ ਸੁਪਰ ਪਾਵਰਾਂ ਅਮਰੀਕਾ ਉਸਦੇ ਸਾਥੀ ਅਤੇ ਰੂਸ ਵਰਗੇ ਦੇਸ਼ ਦਹਾਕਿਆਂ ਤੱਕ ਲੜ ਕੇ ਵੀ ਨਹੀਂ ਕਰ ਸਕੇ।
ਸੰਨ 1839 ਦੇ ਮਈ-ਜੂਨ ਮਹੀਨੇ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਰਬਾਰ ਸਜਾਇਆ ਗਿਆ। ਇਸ ਮੌਕੇ ਬਰਤਾਨੀਆ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਤਖ਼ਤ ਤੋਂ ਲਾਹੇ ਬਾਦਸ਼ਾਹ ਸ਼ਾਹ ਸੁਜ਼ਾ ਦੁਰਾਨੀ ਦਰਮਿਆਨ ਤ੍ਰੈ-ਦੇਸੀ ਸੰਧੀ ਹੋਈ ਸੀ ਜਿਸ ਵਿੱਚ ਵਿੱਚ ਇਹ ਫ਼ੈਸਲਾ ਹੋਇਆ ਸੀ ਕਿ ਸ਼ਾਹ ਸੁਜ਼ਾ ਨੂੰ ਅਫ਼ਗਾਨਿਸਤਾਨ ਦੇ ਤਖ਼ਤ ਉੱਪਰ ਬਿਠਾਇਆ ਜਾਵੇਗਾ।
Adv.
ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਦੀਨਾਨਗਰ ਵਿਖੇ ਹੋਏ ਇਸ ਫ਼ੈਸਲੇ ਨੇ ਅਫ਼ਗਾਨਿਸਤਾਨ ਦੀ ਹਕੂਮਤ ਬਦਲ ਦਿੱਤੀ ਅਤੇ ਸਿੱਖ ਅਤੇ ਬ੍ਰਿਟਸ਼ ਫ਼ੌਜਾਂ ਦੇ ਸਹਿਯੋਗ ਨਾਲ ਸ਼ਾਹ ਸੁਜ਼ਾ ਦੁਰਾਨੀ ਕਾਬਲ ਦੇ ਤਖ਼ਤ ’ਤੇ ਮੁੜ ਕਾਬਜ਼ ਹੋਇਆ ਸੀ। ਸਰਕਾਰ-ਏ-ਖ਼ਾਲਸਾ ਜੀ ਦੇ ਰਾਜ ਦੌਰਾਨ ਅਫ਼ਗਾਨਿਸਤਾਨ ਦੀ ਹੋਣੀ ਪੰਜਾਬ ਤਹਿ ਕਰਦਾ ਸੀ। ਇਹ ਓਹੀ ਅਫ਼ਗਾਨੀ ਸਨ ਜਿਨ੍ਹਾਂ ਨੂੰ ਸਿੱਖਾਂ ਤੋਂ ਇਲਾਵਾ ਦੁਨੀਆਂ ਦੀ ਕੋਈ ਹੋਰ ਦੂਜੀ ਕੌਮ ਨਾ ਪਹਿਲਾਂ ਤੇ ਨਾ ਹੁਣ ਜਿੱਤ ਸਕੀ ਹੈ। ਦੁਨੀਆਂ ਦੀ ਸੁਪਰ ਪਾਵਰਾਂ ਰੂਸ ਅਤੇ ਅਮਰੀਕਾ ਵੀ ਕਈ-ਕਈ ਦਹਾਕੇ ਅਫ਼ਗਾਨਿਸਤਾਨ ਨੂੰ ਜਿੱਤਣ ਦੀ ਆਪਣੀ ਪੂਰੀ ਟਿੱਲ ਲਗਾ ਕੇ ਆਖਰ ਓਥੋਂ ਖਾਲ੍ਹੀ ਹੱਥ ਹੀ ਵਾਪਸ ਪਰਤੀਆਂ ਹਨ।
ਦੀਨਾਨਗਰ ਦੀ ਉਹ ਸ਼ਾਹੀ ਬਾਰਾਂਦਰੀ ਜਿਥੇ ਅਫ਼ਗਾਨਿਸਤਾਨ ਦੇ ਤਖ਼ਤ ਦਾ ਫੈਸਲਾ ਹੋਇਆ ਹੋਵੇ ਉਹ ਸਥਾਨ ਪੰਜਾਬ ਅਤੇ ਭਾਰਤ ਲਈ ਮਾਣ ਵਾਲੀ ਗੱਲ ਹੈ। ਉਸ ਇਤਿਹਾਸਕ ਸਥਾਨ ਨੂੰ ਤਾਂ ਪੂਰੀ ਦੁਨੀਆਂ ਵਿੱਚ ਪ੍ਰਚਾਰਨਾਂ ਚਾਹੀਦਾ ਸੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਸ਼ਾਨਾਮੱਤੇ ਇਤਿਹਾਸ ਉੱਪਰ ਮਾਣ ਕਰ ਸਕਦੀਆਂ। ਪਰ ਬੇਹੱਦ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਤਿਹਾਸ ਵਿੱਚ ਏਨ੍ਹਾਂ ਉੱਚਾ ਮੁਕਾਮ ਰੱਖਣ ਵਾਲੀ ਇਸ ਬਾਰਾਂਦਰੀ ਨੂੰ ਬਿਲਕੁੱਲ ਹੀ ਅੱਖੋਂ-ਪਰੋਖੇ ਕਰ ਦਿੱਤਾ ਗਿਆ ਹੈ। ਸਰਕਾਰ ਖ਼ਾਲਸਾ ਦੀ ਇਹ ਸ਼ਾਨਾਮੱਤੀ ਇਤਿਹਾਸਕ ਇਮਾਰਤ ਪਿਛਲੇ ਕਈ ਦਹਾਕਿਆਂ ਤੋਂ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰਨ ਕਰ ਗਈ ਹੈ। ਲੋਕ ਇਸ ਸ਼ਾਹੀ ਇਮਾਰਤ ਦੀਆਂ ਛੱਤਾਂ ਤੱਕ ਉਖਾੜ ਕੇ ਲੈ ਗਏ ਹਨ। ਜਿਸ ਸ਼ਾਹੀ ਤਖ਼ਤ ਉੱਪਰ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਆਪਣੀ ਹੋਣੀ ’ਤੇ ਝੂਰ ਰਿਹਾ ਹੈ।
ਇਸ ਤੋਂ ਇਲਾਵਾ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਹਰ ਸਾਲ ਗਰਮੀਆਂ ਦੇ ਮਹੀਨੇ ਦੀਨਾਨਗਰ ਵਿਖੇ ਗੁਜ਼ਾਰਦੇ ਸਨ ਅਤੇ ਇਥੇ ਸਰਕਾਰ ਖ਼ਾਲਸਾ ਜੀ ਦੀ ਇੱਕ ਵੱਡੀ ਫ਼ੌਜੀ ਛਾਊਣੀ ਵੀ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਦੀਨਾਨਗਰ ਵਿਖੇ ਕਈ ਇਤਿਹਾਸਕ ਦਰਬਾਰ ਸਜਾਏ ਗਏ। ਇਸੇ ਕਰਕੇ ਇਸਨੂੰ ਸਰਕਾਰ ਖ਼ਾਲਸਾ ਜੀ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ। ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਅਤੇ ਇਥੇ ਲਗਾਏ ਜਾਂਦੇ ਦਰਬਾਰਾਂ ਦੀ ਸ਼ਾਨ ਅੰਗਰੇਜ਼ ਲਿਖਾਰੀ ਵਿਲੀਅਮ ਜੀ. ਆਸਬਰਨ ਦੀ ਕਿਤਾਬ ‘ਮਹਾਰਾਜਾ ਰਣਜੀਤ ਸਿੰਘਕੋਰਟ ਐਂਡ ਕੈਂਪਸ’ ਵਿਚੋਂ ਪੜ੍ਹੀ ਜਾ ਸਕਦੀ ਹੈ। ਵਿਲੀਅਮ ਜੀ. ਆਸਬਰਨ ਈਸਟ ਇੰਡੀਆ ਕੰਪਨੀ ਦੀ ਸਰਕਾਰ ਵੇਲੇ ਭਾਰਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਦਾ ਮਿਲਟਰੀ ਸਕੱਤਰ ਸੀ ਅਤੇ ਜਦੋਂ ਦੀਨਾਨਗਰ ਵਿਖੇ ਤ੍ਰੈ-ਦੇਸੀ ਸੰਧੀ ਹੋਈ ਸੀ ਤਾਂ ਉਹ ਵੀ ਅੰਗਰੇਜ਼ ਵਫ਼ਦ ਵਿੱਚ ਸ਼ਾਮਲ ਸੀ। ਉਸਨੇ ਆਪਣੀਆਂ ਅੱਖਾਂ ਨਾਲ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਅਤੇ ਇਸਦੇ ਦਰਬਾਰਾਂ ਨੂੰ ਤੱਕਿਆ ਸੀ।
ਜੇਕਰ ਏਨੇ ਵੱਡੇ ਇਤਿਹਾਸਕ ਫ਼ੈਸਲੇ ਕਿਸੇ ਹੋਰ ਦੇਸ਼ ਵਿੱਚ ਹੋਏ ਹੁੰਦੇ ਤਾਂ ਉਹ ਥਾਵਾਂ ਦੀ ਵਿਸ਼ੇਸ਼ ਸੰਭਾਲ ਕੀਤੀ ਜਾਣੀ ਸੀ ਅਤੇ ਯਾਦਗਾਰਾਂ ਬਣਾਈਆਂ ਜਾਣੀਆਂ ਸਨ। ਪਰ ਅਸੀਂ ਦੀਨਾਨਗਰ ਦੀ ਬਾਰਾਂਦਰੀ ਨੂੰ ਸੰਭਾਲਣਾ ਤਾਂ ਕੀ ਸੀ ਦੀਨਾਨਗਰ ਦੇ ਸਥਾਨਕ ਲੋਕ ਹੀ ਇਸ ਬਾਰਾਂਦਰੀ ਦੀ ਇਤਿਹਾਸਕ ਮਹੱਤਤਾ ਬਾਰੇ ਨਹੀਂ ਜਾਣਦੇ।
ਪੰਜਾਬ ਸਰਕਾਰ ਨੇ ਸਾਲ 2010 ਵਿੱਚ ਇਸ ਇਤਿਹਾਸਕ. ਬਾਰਾਂਦਰੀ ਨੂੰ ਸੁਰੱਖਿਆ ਇਮਾਰਤ ਦਾ ਦਰਜਾ ਦਿੱਤਾ ਸੀ। ਇਸੇ ਦੌਰਾਨ ਹਾਈ ਕੋਰਟ ਵਿੱਚ ਇਸ ਬਾਰਾਂਦਰੀ ਦੇ ਦੁਆਲੇ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਕੇਸ ਚੱਲ ਰਿਹਾ ਸੀ। ਪਿਛਲੇ ਸਾਲ ਹਾਈ ਕੋਰਟ ਵੱਲੋਂ ਫੈਸਲਾ ਸਰਕਾਰ ਦੇ ਹੱਕ ਵਿੱਚ ਦਿੱਤਾ ਗਿਆ ਹੈ ਅਤੇ ਕਰੀਬ 7 ਕਰੋੜ ਰੁਪਏ ਦੇ ਕੇ ਬਾਰਾਂਦਰੀ ਦੇ ਦੁਆਲੇ ਜ਼ਮੀਨ ਨੂੰ ਐਕਵਾਇਰ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ 1.60 ਕਰੋੜ ਰੁਪਏ ਦਾ ਟੈਂਡਰ ਵੀ ਬਾਰਾਂਦਰੀ ਦੀ ਮੁਰੰਮਤ ਲਈ ਲਗਾਇਆ ਗਿਆ ਹੈ, ਪਰ ਕੰਮ ਸ਼ੁਰੂ ਨਾ ਹੋਣ ਦੇ ਕਾਰਨਾਂ ਦਾ ਪਤਾ ਨਹੀਂ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਇਤਿਹਾਸਕ ਬਾਰਾਂਦਰੀ ਦੀ ਸੰਭਾਲ ਵੱਲ ਉਚੇਚਾ ਧਿਆਨ ਦੇ ਕੇ ਇਸਦੀ ਪਹਿਲੀ ਸ਼ਾਨ ਨੂੰ ਬਹਾਲ ਕੀਤਾ ਜਾਵੇ। ਦੀਨਾਨਗਰ ਦੀ ਬਾਰਾਂਦਰੀ ਵਸ਼ਿੰਗਟਨ ਡੀਸੀ ਨਾਲੋਂ ਵੀ ਵੱਡਾ ਮੁਕਾਮ ਰੱਖਦੀ ਹੈ ਅਤੇ ਇਸ ਦੀ ਸ਼ਾਨੋ-ਸ਼ੌਕਤ ਕਿਸੇ ਵੀ ਤਰਾਂ ਵਾਈਟ ਹਾਊਣ ਨਾਲੋਂ ਘੱਟ ਨਹੀਂ ਹੋਣੀ ਚਾਹੀਦੀ। ਇਹ ਉਹ ਇਤਿਹਾਸਕ ਸਥਾਨ ਹੈ ਜਿਸ ਉੱਪਰ ਪੰਜਾਬੀ ਅਤੇ ਭਾਰਤੀ ਹਮੇਸ਼ਾਂ ਮਾਣ ਕਰਦੇ ਰਹਿਣਗੇ।
ਧੰਨਵਾਦ ਸਹਿਤ:- ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
98155-77574